ਪੱਤਰ ਪ੍ਰੇਰਕ
ਕਾਹਨੂੰਵਾਨ, 26 ਅਕਤੂਬਰ
ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਨਾਨੋਵਾਲ ਖ਼ੁਰਦ ਵਿਚੋਂ ਚਾਰ ਟਿਊਬਵੈੱਲ ਦੀਆਂ ਮੋਟਰਾਂ ਚੋਰੀ ਹੋ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਸੁਖਨਿੰਦਰ ਸਿੰਘ ਸੁੱਖ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਤੋਂ 4 ਕਿਸਾਨਾਂ ਦੀਆਂ ਟਿਊਬਵੈੱਲ ਮੋਟਰਾਂ ਚੋਰੀ ਹੋ ਗਈਆਂ ਹਨ ਅਤੇ ਦੋ ਹੋਰ ਟਿਊਬਵੈੱਲਾਂ ਦੇ ਤਾਲੇ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੇਟ ਖੇਤਰ ਵਿੱਚ ਹਰ ਸੀਜ਼ਨ ਦੌਰਾਨ ਸਮੇਂ ਸਮੇਂ ਉੱਤੇ ਟਿਊਬਵੈੱਲ ਮੋਟਰਾਂ ਚੋਰੀ ਹੋਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਅਤੇ ਅਕਸਰ ਹੀ ਸੈਂਕੜੇ ਤੋਂ ਵੱਧ ਮੋਟਰਾਂ ਚੋਰੀ ਹੋ ਜਾਂਦੀਆਂ ਹਨ। ਕਿਸਾਨਾਂ ਵੱਲੋਂ ਕਈ ਵਾਰ ਚੋਰੀਆਂ ਤੋਂ ਤੰਗ ਹੋ ਕੇ ਧਰਨੇ, ਮੁਜ਼ਾਹਰੇ ਅਤੇ ਘਿਰਾਓ ਵੀ ਕੀਤੇ ਜਾਂਦੇ ਹਨ ਪਰ ਅਜੇ ਤੱਕ ਪੁਲੀਸ ਵੱਲੋਂ ਚੋਰ ਗਰੋਹ ਦੇ ਸਰਗਨੇ ਕਾਬੂ ਨਹੀਂ ਕੀਤੇ ਜਾ ਸਕੇ। ਪੀੜਤ ਕਿਸਾਨ ਕਿਰਪਾਲ ਸਿੰਘ, ਬੰਟੀ, ਸਾਹਿਬ ਸਿੰਘ, ਦਰਸ਼ਨ ਸਿੰਘ, ਹਰਭਜਨ ਸਿੰਘ ਅਤੇ ਸੁਖਵਿੰਦਰ ਵੱਲੋਂ ਇਸ ਸਬੰਧੀ ਥਾਣਾ ਭੈਣੀ ਮੀਆਂ ਖਾਂ ਵਿਚ ਇਤਲਾਹ ਦਿੱਤੀ ਗਈ ਹੈ। ਇਸ ਸਬੰਧੀ ਜਦੋਂ ਥਾਣਾ ਮੁਖੀ ਸੁਰਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਥਾਣੇ ਵਿਚ ਇਸ ਸਬੰਧੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ।
The post ਨਾਨੋਵਾਲ ਖਰੁਦ ਵਿੱਚ ਚਾਰ ਟਿਊਬਵੈੱਲ ਦੀਆਂ ਮੋਟਰਾਂ ਚੋਰੀ appeared first on Punjabi Tribune.









