ਨੌਕਰੀ ਤੋਂ ਕੱਢਣ ਦੇ ਰੋਸ ਵਜੋਂ ਵਿਕਾਸ ਭਵਨ ਦੀ ਛੱਤ ’ਤੇ ਚੜ੍ਹੇ ਮਗਨਰੇਗਾ ਮੁਲਾਜ਼ਮ

ਨੌਕਰੀ ਤੋਂ ਕੱਢਣ ਦੇ ਰੋਸ ਵਜੋਂ ਵਿਕਾਸ ਭਵਨ ਦੀ ਛੱਤ ’ਤੇ ਚੜ੍ਹੇ ਮਗਨਰੇਗਾ ਮੁਲਾਜ਼ਮ


ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 26 ਅਗਸਤ

ਇੱਥੋਂ ਦੇ ਫੇਜ਼ ਅੱਠ ਵਿੱਚ ਪੰਚਾਇਤ ਵਿਭਾਗ ਦੇ ਮੁੱਖ ਦਫ਼ਤਰ ਵਿਕਾਸ ਭਵਨ ਅੱਗੇ 12 ਅਗਸਤ ਤੋਂ ਪੱਕਾ ਧਰਨਾ ਲਗਾਈ ਬੈਠੇ ਮਗਨਰੇਗਾ ਕਰਮਚਾਰੀਆਂ ਵਿੱਚੋਂ ਨੌਂ ਕਰਮਚਾਰੀ ਅੱਜ ਬਾਅਦ ਦੁਪਹਿਰ 3 ਵਜੇ ਦਫ਼ਤਰ ਦੀ ਛੱਤ ‘ਤੇ ਚੜ੍ਹ ਗਏ। ਧਰਨੇ ਵਿੱਚ ਪੰਜਾਬ ਭਰ ‘ਚੋਂ ਆਏ ਵੱਡੀ ਗਿਣਤੀ ਮਗਨਰੇਗਾ ਮੁਲਾਜ਼ਮਾਂ ਨੇ ਵਿਕਾਸ ਭਵਨ ਦੇ ਸਾਰੇ ਗੇਟ ਬੰਦ ਕਰ ਦਿੱਤੇ।

ਧਰਨਾਕਾਰੀ ਕੈਬਨਿਟ ਵੱਲੋਂ ਗਰਾਮ ਸੇਵਕਾਂ ਦੀ ਨਵੀਂ ਭਰਤੀ ਨੂੰ ਪ੍ਰਵਾਨਗੀ ਦੇਣ ਅਤੇ ਇੱਕ ਦਿਨ ਪਹਿਲਾਂ 300 ਦੇ ਕਰੀਬ ਮਨਰੇਗਾ ਕਰਮਚਾਰੀਆਂ ਨੂੰ ਨੌਕਰੀਓਂ ਹਟਾਉਣ ਦਾ ਵਿਰੋਧ ਕਰ ਰਹੇ ਸਨ। ਮਗਨਰੇਗਾ ਕਰਮਚਾਰੀਆਂ ਦੇ ਇਸ ਐਕਸ਼ਨ ਤੋਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਗੇਟ ਖੋਲ੍ਹਣ ਲਈ ਮਨਾਉਣ ਦਾ ਯਤਨ ਕੀਤਾ ਪਰ ਧਰਨਾਕਾਰੀ ਸਾਰਾ ਕੁੱਝ ਲਿਖਤ ਵਿਚ ਲਏ ਬਿਨਾਂ ਛੱਤ ਤੋਂ ਥੱਲੇ ਨਾ ਉਤਰਨ ਅਤੇ ਗੇਟ ਨਾ ਖੋਲ੍ਹਣ ਲਈ ਅੜੇ ਰਹੇ।

ਛੱਤ ‘ਤੇ ਚੜ੍ਹੇ ਕਰਮਚਾਰੀਆਂ ਅੰਮ੍ਰਿਤਪਾਲ ਸਿੰਘ ਜਲਾਲਪੁਰ, ਰਮਨ ਕੁਮਾਰ ਰੋਪੜ, ਗੁਰਪ੍ਰੀਤ ਸਿੰਘ ਬਰਨਾਲਾ, ਚੇਤਨ ਸ਼ਰਮਾ ਲੁਧਿਆਣਾ, ਤੇਜ ਵਰਿੰਦਰ ਸਿੰਘ ਸੰਗਰੂਰ, ਸਰਬਜੀਤ ਸਿੰਘ ਨਵਾਂ ਸ਼ਹਿਰ ਅਤੇ ਜੁਗਰਾਜ ਸਿੰਘ ਮਾਨਸਾ ਨੇ ਆਖਿਆ ਕਿ ਪੰਚਾਇਤ ਵਿਭਾਗ ਦੇ ਅਧਿਕਾਰੀ ਮੰਗਾਂ ਪ੍ਰਵਾਨ ਕਰਨ ਦੀ ਥਾਂ ਉਨ੍ਹਾਂ ਨੂੰ ਜ਼ਲੀਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਭਰ ਵਿੱਚ 1888 ਦੇ ਕਰੀਬ ਗ੍ਰਾਮ ਰੁਜ਼ਗਾਰ ਸੇਵਕ, ਕੰਪਿਊਟਰ ਸਹਾਇਕ, ਤਕਨੀਕੀ ਸਹਾਇਕ ਅਤੇ ਵਧੀਕ ਪ੍ਰੋਗਰਾਮ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਪਰ ਪੰਚਾਇਤ ਵਿਭਾਗ ਉਨ੍ਹਾਂ ਨੂੰ ਪੱਕਾ ਨਹੀਂ ਕਰ ਰਿਹਾ ਤੇ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰਵਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਹੱਕ ਮੰਗਣ ‘ਤੇ ਉਨ੍ਹਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਜਾ ਰਹੀਆਂ ਹਨ ਤੇ ਨਵੀਂ ਭਰਤੀ ਲਈ ਇਸ਼ਤਿਹਾਰ ਦਿੱਤੇ ਜਾ ਰਹੇ ਹਨ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਬਹਾਲੀ ਦੇ ਭਰੋਸੇ ਮਗਰੋਂ ਹੇਠਾਂ ਉਤਰੇ ਧਰਨਾਕਾਰੀ

ਪੰਚਾਇਤ ਵਿਭਾਗ ਦੇ ਸੰਯੁਕਤ ਵਿਕਾਸ ਕਮਿਸ਼ਨਰ ਸੁਮਿਤ ਜਾਰੰਗਲ ਨੇ ਮਨਰੇਗਾ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ, ਮਨਸ਼ਾ ਖਾਨ, ਅਮਨਦੀਪ ਸਿੰਘ, ਸ਼ਮਸ਼ੇਰ ਸਿੰਘ, ਅਮਰੀਕ ਸਿੰਘ ਮਹਿਰਾਜ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਨੌਕਰੀਓਂ ਹਟਾਏ ਗਏ ਸਾਰੇ ਮਨਰੇਗਾ ਕਰਮਚਾਰੀਆਂ ਨੂੰ ਤੁਰੰਤ ਬਹਾਲ ਕਰਨ, ਹੜਤਾਲ ਅਰਸੇ ਦੀ ਤਨਖਾਹ ਦੇਣ, ਡਿਊਟੀ ਦੌਰਾਨ ਮਾਰੇ ਗਏ ਮਨਰੇਗਾ ਕਰਮਚਾਰੀ ਨੂੰ ਮੁਆਵਜ਼ਾ ਅਤੇ ਹੋਰ ਸਹੂਲਤਾਂ ਦੇਣ ਅਤੇ ਬਾਕੀ ਮੰਗਾਂ ਨੂੰ ਪੂਰਾ ਕਰਨ ਦਾ ਲਿਖਤੀ ਭਰੋਸਾ ਦਿੱਤਾ। ਇਸ ਮਗਰੋਂ ਸ਼ਾਮ 6 ਕੁ ਵਜੇ ਦੇ ਕਰੀਬ ਮਨਰੇਗਾ ਕਰਮਚਾਰੀ ਛੱਤ ਤੋਂ ਉਤਰ ਆਏ ਅਤੇ ਮਨਰੇਗਾ ਕਰਮਚਾਰੀਆਂ ਨੇ ਆਪਣਾ ਧਰਨਾ ਖਤਮ ਕਰਕੇ ਕੰਮ ‘ਤੇ ਪਰਤਣ ਦਾ ਐਲਾਨ ਵੀ ਕੀਤਾ।



Source link