ਰਾਮ ਸਰਨ ਸੂਦ
ਅਮਲੋਹ, 29 ਜੁਲਾਈ
ਬਰਸਾਤੀ ਪਾਣੀ ਕਾਰਨ ਸ਼ਹਿਰ ਦੇ ਮੁੱਖ ਬਾਜ਼ਾਰ ਤੇ ਮੁਹੱਲਿਆਂ ਵਿੱਚ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਨਾ ਹੋਣ ਕਾਰਨ ਪਾਣੀ ਇਕੱਠਾ ਹੋ ਕੇ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਦੇ ਅੰਦਰ ਦਾਖਲ ਹੋ ਗਿਆ, ਜਿਸ ਕਾਰਨ ਲੋਕਾਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਕੌਂਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ ਨੇ ਕਿਹਾ ਕਿ ਵਿਧਾਇਕ ਰਣਦੀਪ ਸਿੰਘ ਤੇ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਸੱਚਾਈ ਇਸ ਤੋਂ ਕੋਹਾਂ ਦੂਰ ਹੈ। ਸ੍ਰੀ ਰਾਜੂ ਖੰਨਾ ਨੇ ਕਿਹਾ ਕਿ ਕਰੋੜਾਂ ਰੁਪਏ ਖਰਚ ਕੇ ਅਕਾਲੀ ਦਲ ਦੀ ਸਰਕਾਰ ਸਮੇਂ ਸ਼ਹਿਰ ਵਿੱਚ ਮੁਕੰਮਲ ਸੀਵਰੇਜ, ਇੰਟਰਲੌਕਿੰਗ ਗਲੀਆਂ ਤੇ ਸ਼ਹਿਰ ਦੀ ਰੌਸ਼ਨੀ ਲਈ 70 ਲੱਖ ਰੁਪਏ ਖਰਚ ਕੇ ਐੱਲਈਡੀ ਲਾਈਟਾਂ ਲਗਾਈਆਂ ਸਨ ਪਰ ਕਾਂਗਰਸ ਦੇ ਸੱਤਾ ਵਿੱਚ ਆਉਂਦੇ ਹੀ ਸੀਵਰੇਜ ਬੰਦ ਹੋ ਗਿਆ ਤੇ ਐੱਲਈਡੀ ਲਾਈਟਾਂ ਵੀ ਗਾਇਬ ਹੋ ਗਈਆਂ ਜਦੋਂਕਿ ਸ਼ਹਿਰ ‘ਚ ਸਫ਼ਾਈ ਦੀ ਤਰਸਯੋਗ ਹਾਲਤ ਬਣ ਗਈ ਹੈ ਜਿਸ ਪਾਸੇ ਵਿਧਾਇਕ, ਪ੍ਰਸ਼ਾਸਨਿਕ ਅਧਿਕਾਰੀ ਜਾਂ ਕੌਂਸਲ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਸ਼ਹਿਰ ਵਿੱਚ ਬਿਮਾਰੀ ਫ਼ੈਲਣ ਦਾ ਵੀ ਖਤਰਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹੱਲ ਨਾ ਹੋਇਆ ਤਾਂ ਕੌਂਸਲ ਅੱਗੇ ਸ਼ਹਿਰ ਵਾਸੀਆਂ ਨੂੰ ਲੈ ਕੇ ਧਰਨਾ ਦਿੱਤਾ ਜਾਵੇਗਾ ਅਤੇ ਵਿਧਾਇਕ ਦਾ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਜਦੋਂ ਕੌਂਸਲ ਪ੍ਰਧਾਨ ਡਾ. ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬਰਸਾਤ ਕਾਰਨ ਇਹ ਸਮੱਸਿਆ ਆਈ ਹੈ ਜਿਸਦਾ ਹੱਲ ਕੀਤਾ ਜਾ ਰਿਹਾ ਹੈ।
ਪੁਰਾਣੀ ਅਨਾਜ ਮੰਡੀ ਵਿੱਚ ਨਿਕਾਸੀ ਪ੍ਰਬੰਧਾਂ ਦੀ ਖੁੱਲ੍ਹੀ ਪੋਲ
ਬਸੀ ਪਠਾਣਾਂ/ਫ਼ਤਹਿਗੜ੍ਹ ਸਾਹਿਬ(ਅਜੇ ਮਲਹੋਤਰਾ): ਪਿਛਲੇ ਤਕਰੀਬਨ ਪੰਜ ਸਾਲ ਤੋਂ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਬਸੀ ਪਠਾਣਾਂ ਦੀ ਪੁਰਾਣੀ ਅਨਾਜ ਮੰਡੀ ਦੇ ਦੁਕਾਨਦਾਰ ਨਰਕ ਭਰਿਆ ਜੀਵਨ ਜਿਊਣ ਲਈ ਮਜਬੂਰ ਅਤੇ ਪ੍ਰੇਸ਼ਾਨ ਹਨ। ਦੋ ਸਰਕਾਰੀ ਮਹਿਕਮਿਆਂ ਦੇ ਆਪਸੀ ਤਾਲ-ਮੇਲ ਦੀ ਕਮੀ ਦੇ ਚਲਦੇ ਖੜੇ ਮੀਂਹ ਦੇ ਗੰਦੇ ਪਾਣੀ ਨੇ ਸਰਕਾਰ ਅਤੇ ਕਾਂਗਰਸੀਆਂ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਨਗਰ ਕੌਂਸਲ ਅਧਿਕਾਰੀ ਇਸ ਨੂੰ ਮਾਰਕਿਟ ਕਮੇਟੀ ਦੀ ਥਾਂ ਦੱਸ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲੈਂਦੇ ਹਨ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਇਸ ਨੂੰ ਕੌਂਸਲ ਦੀ ਜ਼ਮੀਨ ਦੱਸ ਕੇ ਕੋਈ ਕਾਰਵਾਈ ਨਹੀਂ ਕਰ ਰਹੇ। ਪਹਿਲਾਂ ਪੁਰਾਣੀ ਅਨਾਜ ਮੰਡੀ ਦਾ ਗੰਦਾ ਪਾਣੀ ਮੁੱਖ ਸੜਕ ਦੇ ਕੋਲ ਬਣੇ ਟੋਭੇ ਵਿੱਚ ਗਿਰਦਾ ਸੀ ਪਰ ਅਕਾਲੀ-ਭਾਜਪਾ ਸਰਕਾਰ ਸਮੇਂ ਟੋਭੇ ਵਿੱਚ ਬੱਸ ਸਟੈਂਡ ਦੀ ਉਸਾਰੀ ਕਰ ਦਿੱਤੀ ਗਈ, ਜਿਸ ਦਾ ਨਤੀਜਾ ਹੈ ਕਿ ਪਾਣੀ ਅਨਾਜ ਮੰਡੀ ਅਤੇ ਮੁੱਖ ਸੜਕ ‘ਤੇ ਬਣੇ ਪੈਟਰੋਲ ਪੰਪ ਦੇ ਬਾਹਰ ਖੜ੍ਹਾ ਰਹਿੰਦਾ ਹੈ। ਇਸ ਗੰਦੇ ਪਾਣੀ ਤੋਂ ਪ੍ਰਭਾਵਿਤ ਆੜ੍ਹਤੀ ਐਸੋਸੀਏਸ਼ਨ ਦੇ ਸਥਾਨਕ ਪ੍ਰਧਾਨ ਹਰਜੀਤ ਸਿੰਘ ਚੀਮਾ, ਆੜ੍ਹਤੀ ਫੈੱਡਰੇਸ਼ਨ ਦੇ ਸੂਬਾਈ ਸਕੱਤਰ ਰਾਜੇਸ਼ ਸਿੰਗਲਾ ਅਤੇ ਰਾਜ ਕੁਮਾਰ ਵਧਵਾ ਆਦਿ ਨੇ ਵੀ ਇਸ ਸਮੱਸਿਆ ਦੇ ਜਲਦੀ ਹੱਲ ਦੀ ਮੰਗ ਕੀਤੀ ਹੈ। ਜਦੋਂ ਇਸ ਸਮੱਸਿਆ ਦੇ ਹੱਲ ਲਈ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬਹੁਤ ਜਲਦੀ ਹੀ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇਗਾ।










