ਰਾਜ ਸਭਾ: ਵਿਰੋਧੀ ਧਿਰ ਵੱਲੋਂ ਮੁਅੱਤਲ ਮੈਂਬਰਾਂ ਦੇ ਹੱਕ ਵਿੱਚ ਧਰਨਾ

ਰਾਜ ਸਭਾ: ਵਿਰੋਧੀ ਧਿਰ ਵੱਲੋਂ ਮੁਅੱਤਲ ਮੈਂਬਰਾਂ ਦੇ ਹੱਕ ਵਿੱਚ ਧਰਨਾ


ਨਵੀਂ ਦਿੱਲੀ, 8 ਦਸੰਬਰ

ਰਾਜ ਸਭਾ ਦੇ 12 ਮੈਂਬਰਾਂ ਨੂੰ ਮੁਅੱਤਲ ਕਰਨ ਖ਼ਿਲਾਫ਼ ਅੱਜ ਵਿਰੋਧੀ ਧਿਰ ਦੇ ਚੋਟੀ ਦੇ ਆਗੂ ਸੰਸਦ ਕੰਪਲੈਕਸ ‘ਚ ਧਰਨੇ ‘ਤੇ ਬੈਠ ਗਏ ਤੇ ਮੁਅੱਤਲ ਮੈਂਬਰਾਂ ਨੂੰ ਆਪਣਾ ਸਮਰਥਨ ਦਿੱਤਾ। ਬਾਰਾਂ ਮੁਅੱਤਲ ਮੈਂਬਰਾਂ ਨਾਲ ਰੋਸ ਜ਼ਾਹਿਰ ਕਰਨ ਵਾਲਿਆਂ ਵਿਚ ਰਾਜ ਸਭਾ ਦੇ ਮੈਂਬਰ ਮਲਿਕਾਰਜੁਨ ਖੜਗੇ, ਜੈਰਾਮ ਰਮੇਸ਼, ਕੇਸੀ ਵੇਣੂਗੋਪਾਲ, ਸਪਾ ਆਗੂ ਅਖਿਲੇਸ਼ ਯਾਦਵ ਤੇ ‘ਆਪ’ ਆਗੂ ਸੰਜੈ ਸਿੰਘ ਸ਼ਾਮਲ ਸਨ। ਸੰਸਦ ਮੈਂਬਰ ਰੋਸ ਵਜੋਂ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਧਰਨੇ ਉਤੇ ਬੈਠੇ ਹੋਏ ਹਨ। ਉਹ ਮੁਅੱਤਲੀ ਨੂੰ ਗ਼ੈਰ-ਲੋਕਤੰਤਰਿਕ ਤੇ ਉਪਰਲੇ ਸਦਨ ਦੇ ਨਿਯਮਾਂ ਦੇ ਖ਼ਿਲਾਫ਼ ਦੱਸ ਰਹੇ ਹਨ। ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਨੇ ਅੱਜ ਕਿਹਾ ਕਿ ਪਿਛਲੇ ਸੈਸ਼ਨ ਨੂੰ ਮੁਲਤਵੀ ਕਰਨ ਬਾਰੇ ਰਾਸ਼ਟਰਪਤੀ ਦਾ ਹੁਕਮ ਪੂਰੀ ਪ੍ਰਕਿਰਿਆ ਦਾ ਪਾਲਣ ਕਰਨ ਮਗਰੋਂ ਹੀ ਲਾਗੂ ਕੀਤਾ ਗਿਆ ਸੀ। ਇਹ ਟਿੱਪਣੀ ਉਨ੍ਹਾਂ 12 ਮੈਂਬਰਾਂ ਨੂੰ ਮੌਜੂਦਾ ਸੈਸ਼ਨ (255ਵੇਂ) ਵਿਚ ਮੁਅੱਤਲ ਕਰਨ ਦੇ ਸੰਦਰਭ ਵਿਚ ਕੀਤੀ ਜਿਨ੍ਹਾਂ ਨੂੰ 11 ਅਗਸਤ ਨੂੰ ਮੁਲਤਵੀ ਹੋਏ ਪਿਛਲੇ ਸੈਸ਼ਨ ਵਿਚ ਕੀਤੇ ਵਿਹਾਰ ਲਈ ਮੁਅੱਤਲ ਕੀਤਾ ਗਿਆ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਆਨੰਦ ਸ਼ਰਮਾ ਨੇ ਚੇਅਰਮੈਨ ਤੋਂ ਇਸ ਬਾਰੇ ਸਵਾਲ ਪੁੱਛਿਆ ਸੀ ਕਿ ਕੀ 254ਵੇਂ ਸੈਸ਼ਨ ਨੂੰ ਮੁਲਤਵੀ ਪੂਰੇ ਨੇਮਾਂ ਤਹਿਤ ਕੀਤਾ ਗਿਆ ਸੀ ਜਾਂ ਨਹੀਂ। ਉਨ੍ਹਾਂ ਇਹ ਵੀ ਪੁੱਛਿਆ ਸੀ ਕਿ ਕੀ ਮੌਜੂਦਾ ਸੈਸ਼ਨ 254ਵੇਂ ਸੈਸ਼ਨ ਦਾ ਹੀ ਹਿੱਸਾ ਹੈ ਜਾਂ ਵੱਖਰਾ ਹੈ।

ਰਾਜ ਸਭਾ ਤੋਂ ਮੁਅੱਤਲ ਮੈਂਬਰਾਂ ਵੱਲੋਂ ਸੰਸਦ ਦੇ ਬਾਹਰ ਦਿੱਤੇ ਜਾ ਰਹੇ ਧਰਨੇ ‘ਚ ਜਾਣ ਤੋਂ ਪਹਿਲਾਂ ਸਿਰ ‘ਤੇ ਲਾਲ ਟੋਪੀ ਪਹਿਨਦੀ ਹੋਈ ਸਮਾਜਵਾਦੀ ਪਾਰਟੀ ਦੀ ਆਗੂ ਜਯਾ ਬੱਚਨ। ਉਨ੍ਹਾਂ ਨਾਲ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਵੀ ਦਿਖਾਈ ਦੇ ਰਹੇ ਹਨ। -ਫੋਟੋ: ਪੀਟੀਆਈ

ਮੁਅੱਤਲੀ ਦਾ ਜ਼ਿਕਰ ਕੀਤੇ ਬਿਨਾਂ ਹਰਿਵੰਸ਼ ਨੇ ਕਿਹਾ ਕਿ ‘ਸੈਸ਼ਨ’ ਸ਼ਬਦ ਦੀ ਨਾ ਤਾਂ ਸੰਵਿਧਾਨ ਵਿਚ ਵਿਆਖਿਆ ਕੀਤੀ ਗਈ ਹੈ ਤੇ ਨਾ ਹੀ ਰਾਜ ਸਭਾ ਲਈ ਬਣੇ ਨੇਮਾਂ ਵਿਚ ਇਸ ਬਾਰੇ ਕੁਝ ਹੈ। ਵਿਰੋਧੀ ਧਿਰ ਨੇ ਅੱਜ ਕਿਹਾ ਕਿ ਉਹ ਮੁਆਫ਼ੀ ਨਹੀਂ ਮੰਗੇਗੀ ਤੇ ਸਰਕਾਰ ਦੇ ਰਵੱਈਏ ਦੀ ਨਿਖੇਧੀ ਕੀਤੀ। ਕੁਝ ਲੋਕ ਸਭਾ ਮੈਂਬਰ ਵੀ ਰਾਜ ਸਭਾ ਮੈਂਬਰਾਂ ਨਾਲ ਧਰਨੇ ‘ਤੇ ਬੈਠੇ। ਇਸੇ ਦੌਰਾਨ ਰਾਜ ਸਭਾ ਨੇ ਵਿਰੋਧੀ ਧਿਰ ਦੇ ਬਾਈਕਾਟ ਵਿਚਾਲੇ ਦੋ ਬਿੱਲ ਪਾਸ ਕਰ ਦਿੱਤੇ। ਵਿਰੋਧੀ ਧਿਰ ਨੇ ਮੁਅੱਤਲ ਕੀਤੇ ਗਏ ਮੈਂਬਰਾਂ ਦੇ ਸਮਰਥਨ ਵਿਚ ਸਦਨ ਦਾ ਬਾਈਕਾਟ ਕੀਤਾ ਸੀ। ਸਦਨ ਨੇ ਇਸ ਦੌਰਾਨ ‘ਅਸਿਸਟੇਡ ਰੀਪ੍ਰੋਡਕਟਿਵ ਟੈਕਨੋਲੋਜੀ ਬਿੱਲ ਤੇ ‘ਸਰੋਗੇਸੀ ਰੈਗੂਲੇਸ਼ਨ ਬਿੱਲ’ ਪਾਸ ਕਰ ਦਿੱਤਾ। -ਪੀਟੀਆਈ

ਲੋਕ ਸਭਾ: ਸਰਕਾਰ ਨੂੰ ਜਲਵਾਯੂ ਤਬਦੀਲੀ ‘ਤੇ ਸਾਰੇ ਹਿੱਤਧਾਰਕਾਂ ਨਾਲ ਤਾਲਮੇਲ ਦਾ ਸੁਝਾਅ

ਨਵੀਂ ਦਿੱਲੀ: ਲੋਕ ਸਭਾ ਵਿਚ ਅੱਜ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਕਿਹਾ ਕਿ ਜਲਵਾਯੂ ਤਬਦੀਲੀ ਦੇ ਅਸਰਾਂ ਨੂੰ ਘੱਟ ਕਰਨ ਲਈ ਸਰਕਾਰ ਸਾਰੇ ਹਿੱਤਧਾਰਕਾਂ ਨਾਲ ਤਾਲਮੇਲ ਕਰੇ। ਇਸ ਤੋਂ ਬਾਅਦ ਕਦਮ ਚੁੱਕਣ ਬਾਰੇ ਯੋਜਨਾ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸੂਬਿਆਂ, ਮਾਹਿਰਾਂ ਤੇ ਜ਼ਮੀਨੀ ਪੱਧਰ ਉਤੇ ਕੰਮ ਕਰ ਰਹੇ ਲੋਕਾਂ ਨਾਲ ਤਾਲਮੇਲ ਜ਼ਰੂਰੀ ਹੈ। ਇਸ ਤਰ੍ਹਾਂ ਹੀ ਮਿੱਥੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ। ਇਸ ਮੁੱਦੇ ਨੂੰ ਹੇਠਲੇ ਸਦਨ ਵਿਚ ਉਠਾਉਂਦਿਆਂ ਡੀਐਮਕੇ ਦੀ ਕਨੀਮੋੜੀ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਅਦੇ ਮੁਤਾਬਕ ਸੰਨ 2070 ਤੱਕ ਜ਼ੀਰੋ ਕਾਰਬਨ ਨਿਕਾਸੀ ਦਾ ਟੀਚਾ ਕਿਵੇਂ ਹਾਸਲ ਕੀਤਾ ਜਾਵੇਗਾ। -ਪੀਟੀਆਈ



Source link