ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ ਤੋਂ ਬਾਹਰ ਰੱਖਿਆ

ਵਿੱਤੀ ਸੇਵਾਵਾਂ ਬਾਰੇ ਵਿਭਾਗ ਦਾ ਐਲਾਨ

* ਮਕਾਨ ਉਸਾਰੀ, ਸਿੱਖਿਆ, ਕਰੈਡਿਟ ਕਾਰਡ ਬਕਾਇਆ ਆਦਿ ਅੱਠ ਵਰਗਾਂ ਵਿੱਚ ਕਰਜ਼ਦਾਰਾਂ ਨੂੰ ਹੋਵੇਗਾ ਫਾਇਦਾ

* ਸਰਕਾਰੀ ਖ਼ਜ਼ਾਨੇ ’ਤੇ 6500 ਕਰੋੜ ਰੁਪਏ ਦਾ ਬੋਝ ਪਏਗਾ

* ਮੋਰਾਟੋਰੀਅਮ ਸਕੀਮ ਦਾ ਲਾਭ ਨਾ ਲੈਣ ਵਾਲੇ ਕਰਜ਼ਦਾਰਾਂ ਨੂੰ ਵੀ ਮਿਲੇਗੀ ਐਕਸਗ੍ਰੇਸ਼ੀਆ

ਨਵੀਂ ਦਿੱਲੀ, 30 ਅਕਤੂਬਰ

ਵਿੱਤ ਮੰਤਰਾਲੇ ਨੇ ਸਾਫ਼ ਕਰ ਦਿੱਤਾ ਹੈ ਕਿ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਹੋਰਨਾਂ ਸਰਗਰਮੀਆਂ ਲਈ ਲਏ ਕਰਜ਼ੇ ਪਿਛਲੇ ਹਫ਼ਤੇ ਸਰਕਾਰ ਵੱਲੋਂ ਐਲਾਨੀ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦੇ ਯੋਗ ਨਹੀਂ ਹਨ। ਲਿਹਾਜ਼ਾ ਕਿਸਾਨਾਂ, ਜਿਨ੍ਹਾਂ ਨੇ ਖੇਤੀ ਕੰਮਾਂ ਜਾਂ ਟਰੈਕਟਰਾਂ ਜਾਂ ਹੋਰ ਸੰਦਾਂ ਲਈ ਕਰਜ਼ੇ ਲਏ ਹਨ, ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ। ਚੇਤੇ ਰਹੇ ਕਿ ਸਰਕਾਰ ਨੇ ਪਿਛਲੇ ਦਿਨੀਂ ਦੋ ਕਰੋੜ ਰੁਪਏ ਤੱਕ ਦੇ ਕਰਜ਼ਿਆਂ ’ਤੇ ਵਿਆਜ ’ਤੇ ਵਿਆਜ ਮੁਆਫ਼ ਕਰਨ ਦਾ ਐਲਾਨ ਕੀਤਾ ਸੀ, ਪਰ ਵਿੱਤ ਮੰਤਰਾਲੇ ਅੱਜ ਸਪਸ਼ਟ ਕਰ ਦਿੱਤਾ ਕਿ ਇਹ ਰਾਹਤ ਖੇਤੀਬਾੜੀ ਜਾਂ ਟਰੈਕਟਰਾਂ ਲਈ ਕਰਜ਼ਿਆਂ ਉਪਰ ਲਾਗੂ ਨਹੀਂ ਹੋਵੇਗੀ। ਸੁਪਰੀਮ ਕੋਰਟ ਦੀਆਂ ਹਦਾਇਤਾਂ ’ਤੇ ਐਲਾਨੀ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਨਾਲ ਸਰਕਾਰੀ ਖ਼ਜ਼ਾਨੇ ’ਤੇ 6500 ਕਰੋੜ ਰੁਪਏ ਦਾ ਬੋਝ ਪਏਗਾ। ਸਕੀਮ ਦਾ ਉਨ੍ਹਾਂ ਕਰਜ਼ਦਾਰਾਂ ਨੂੰ ਵੀ ਲਾਹਾ ਮਿਲੇਗਾ, ਜਿਨ੍ਹਾਂ ਨੇ ਮੋਰਾਟੋਰੀਅਮ ਸਕੀਮ ਦਾ ਲਾਭ ਨਾ ਲੈਂਦਿਆਂ ਕਰਜ਼ੇ ਦੀਆਂ ਕਿਸ਼ਤਾਂ ਦੀ ਅਦਾਇਗੀ ਨੂੰ ਜਾਰੀ ਰੱਖਿਆ । ਵਿੱਤੀ ਸੇਵਾਵਾਂ ਬਾਰੇ ਵਿਭਾਗ (ਡੀਐੱਫਐੱਸ) ਨੇ ਆਮ ਕਰਕੇ ਪੁੱਛੇੇ ਜਾਂਦੇ ਸਵਾਲਾਂ (ਐੱਫਏਕਿਊ’ਜ਼) ਦੀ ਇਕ ਵਧੀਕ ਸੂਚੀ ਜਾਰੀ ਕਰਦਿਆਂ ਕਿਹਾ, ‘ਖੇਤੀ ਤੇ ਇਸ ਨਾਲ ਜੁੜੀਆਂ ਹੋਰਨਾਂ ਸਰਗਰਮੀਆਂ ਜਿਵੇਂ ਫ਼ਸਲਾਂ ਲਈ ਕਰਜ਼ਾ ਅਤੇ ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ੇ ਆਦਿ ‘ਵਿਆਜ ’ਤੇ ਵਿਆਜ ਮੁਆਫ਼ੀ ਸਕੀਮ’ ਦੇ ਘੇਰੇ ਵਿੱਚ ਆਉਂਦੇ ਅੱਠ ਵਰਗਾਂ ਵਿੱਚ ਸ਼ਾਮਲ ਨਹੀਂ ਹੋਣਗੇ।’ ਵਿਭਾਗ ਨੇ ਕਿਹਾ ਕਿ ਸਕੀਮ ਤਹਿਤ ਯੋਗ ਕਰਜ਼ਦਾਰਾਂ ਜਿਨ੍ਹਾਂ ਦਾ 29 ਫਰਵਰੀ 2020 ਤਕ ਕਰਜ਼ਾ ਬਕਾਇਆ 2 ਕਰੋੜ ਰੁਪਏ ਤੋਂ ਵੱਧ ਦਾ ਨਹੀਂ ਹੋਵੇਗਾ, ਉਨ੍ਹਾਂ ਨੂੰ ਛੇ ਮਹੀਨਿਆਂ (1 ਮਾਰਚ ਤੋਂ 31 ਅਗਸਤ 2020) ਦੇ ਅਰਸੇ ਲਈ ਚੱਕਰਵਰਤੀ ਵਿਆਜ ਤੇ ਸਾਧਾਰਨ ਵਿਆਜ ਵਿਚਲਾ ਫਰਕ, ਐਕਸਗ੍ਰੇਸ਼ੀਆ ਵਜੋਂ ਅਦਾ ਕੀਤਾ ਜਾਵੇਗਾ। ਵਿੱਤ ਮੰਤਰਾਲੇ ਮੁਤਾਬਕ ਯੋਗ ਕਰਜ਼ਦਾਰਾਂ ਦੇ ਖਾਤਿਆਂ ਵਿੱਚ ਬਣਦੇ ਐਕਸਗ੍ਰੇਸ਼ੀਆ ਦੀ ਅਦਾਇਗੀ ਦੀਵਾਲੀ ਤੋਂ ਕਿਤੇ ਪਹਿਲਾਂ 5 ਨਵੰਬਰ ਤੱਕ ਕਰ ਦਿੱਤੀ ਜਾਵੇਗੀ। ਮਕਾਨ ਕਰਜ਼ਾ, ਸਿੱਖਿਆ ਕਰਜ਼ਾ, ਕਰੈਡਿਟ ਕਾਰਡ ਬਕਾਇਆ, ਵਾਹਨ ਕਰਜ਼ੇ, ਐੱਮਐੱਸਐੱਮਈ ਕਰਜ਼ੇ, ਕੰਜ਼ਿਊਮਰ ਡਿਊਰੇਬਲ ਕਰਜ਼ੇ ਤੇ ਖਪਤ ਵਾਲੀਆਂ ਵਸਤਾਂ ਲਈ ਕਰਜ਼ਾ ਲੈਣ ਵਾਲਿਆਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ। ਵਿੱਤ ਮੰਤਰਾਲੇ ਨੇ ਕਿਹਾ ਕਿ ਕਰਜ਼ਦਾਰਾਂ ਨੂੰ 29 ਫਰਵਰੀ ਤਕ ਕਰੈਡਿਟ ਕਾਰਡ ’ਤੇ ਬਕਾਏ ਲਈ ਵੀ ਇਸ ਯੋਜਨਾ ਦਾ ਲਾਭ ਮਿਲੇਗਾ। ਐੱਫਏਕਿਊਜ਼ ਵਿੱਚ ਕਿਹਾ ਗਿਆ ਹੈ ਕਿ ਇਸ ਰਾਹਤ ਲਈ ਬੈਂਚਮਾਰਕ ਦਰ ਕਰਾਰ ਦੀ ਦਰ ਹੋਵੇਗੀ, ਜਿਸ ਦਾ ਇਸਤੇਮਾਲ ਕਰੈਡਿਟ ਕਾਰਡ ਜਾਰੀ ਕਰਤਾ ਵਲੋਂ ਈਐੱਮਆਈ ਕਰਜ਼ਿਆਂ ਲਈ ਕੀਤਾ ਜਾਂਦਾ ਹੈ।ਸਕੀਮ ਤਹਿਤ ਕਰਜ਼ੇ ਦੇਣ ਵਾਲੀਆਂ ਸਾਰੀਆਂ ਸੰਸਥਾਵਾਂ ਯੋਗ ਕਰਜ਼ਦਾਰਾਂ ਨੂੰ ਚੱਕਰਵਰਤੀ ਵਿਆਜ ਤੇ ਸਾਧਾਰਨ ਵਿਆਜ ਵਿਚਲਾ ਫ਼ਰਕ ਉਨ੍ਹਾਂ ਦੇ ਖਾਤਿਆਂ ਵਿੱਚ ਤਬਦੀਲ ਕਰਨਗੀਆਂ। ਕਰਜ਼ਦਾਰਾਂ ਨੇ ਆਰਬੀਆਈ ਵੱਲੋਂ 27 ਮਾਰਚ 2020 ਨੂੰ ਐਲਾਨੀ ਕਰਜ਼ਾ ਮੋਰਾਟੋਰੀਅਮ ਸਕੀਮ ਦਾ ਜੇਕਰ ਮੁਕੰਮਲ ਜਾਂ ਆਰਜ਼ੀ ਫਾਇਦਾ ਲਿਆ ਹੈ ਤਾਂ ਵੀ ਉਨ੍ਹਾਂ ਦੇ ਖਾਤੇ ਵਿੱਚ ਉਪਰੋਕਤ ਰਾਸ਼ੀ ਤਬਦੀਲ ਕੀਤੀ ਜਾਵੇਗੀ। ਸਕੀਮ ਤਹਿਤ ਕਵਰ ਸਾਰੇ ਬੈਂਕ ਤੇ ਐੱਨਬੀਐੱਫਸੀਜ਼ ਕਰਜ਼ਦਾਰਾਂ ਨੂੰ ਇਹ ਅਦਾਇਗੀ ਕਰਨ ਮਗਰੋਂ ਖਰਚ ਕੀਤੀ ਰਕਮ ਵਾਪਸ ਲੈਣ ਲਈ ਕੇਂਦਰ ਸਰਕਾਰ ਕੋਲ ਦਾਅਵੇ ਪੇਸ਼ ਕਰਨਗੀਆਂ। ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਇਸ ਅਦਾਇਗੀ ਲਈ ਉਹ ਕਾਨੂੰਨੀ ਤੌਰ ’ਤੇ ਪਾਬੰਦ ਨਹੀਂ ਹੈ ਅਤੇ ਕੋਵਿਡ-19 ਮਹਮਾਰੀ ਦੇ ਮੱਦੇਨਜ਼ਰ ਇਹ ਕਰਜ਼ਧਾਰਕਾਂ ਨੂੰ ਮਹਿਜ਼ ਐਕਸਗ੍ਰੇਸ਼ੀਆ ਵਜੋਂ ਕੀਤੀ ਗਈ ਅਦਾਇਗੀ ਹੈ।

Courtesy Punjabi TRibune