ਸੂਬਾ ਸਰਕਾਰ ਵਲੋਂ ਵਿਸ਼ੇਸ਼ ਵਕੀਲ ਦੀ ਨਿਯੁਕਤੀ, ਅਦਾਲਤ ’ਚ ਮੁਕੱਦਮੇ ਨੂੰ ਫਾਸਟ ਟਰੈਕ ਕੀਤੇ ਜਾਣ ਦੀ ਮੰਗ
ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ’ਤੇ ਤੇਜ਼ੀ ਨਾਲ ਅਮਲ ਕਰਦੇ ਹੋਏ ਪੰਜਾਬ ਪੁਲਿਸ ਨੇ 10 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਪੜਤਾਲ ਪੂਰੀ ਕਰਦੇ ਹੋਏ ਹੋਸ਼ਿਆਰਪੁਰ ਵਿਖੇ 6 ਵਰਿਆਂ ਦੀ ਦਲਿਤ ਬੱਚੀ ਦੇ ਜਬਰ-ਜਿਨਾਹ ਤੇ ਕਤਲ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਚਲਾਨ ਪੇਸ਼ ਕਰ ਦਿੱਤਾ।
ਇਸ ਮਾਮਲੇ ਦੀ ਕਾਰਵਾਈ ਤੇਜੀ ਨਾਲ ਚਲਾਉਣ ਲਈ ਇਕ ਵਿਸ਼ੇਸ਼ ਵਕੀਲ ਦੀ ਨਿਯੁਕਤੀ ਵੀ ਕੀਤੀ ਗਈ ਹੈ। ਸੂਬਾ ਸਰਕਾਰ ਨੇ ਇਸ ਮਾਮਲੇ ’ਚ ਮੁਕੱਦਮੇ ਨੂੰ ਫਾਸਟ ਟਰੈਕ ਕੀਤੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਮੁਲਜ਼ਮਾਂ ਦੇ ਜ਼ਬਰ ਦਾ ਸ਼ਿਕਾਰ ਹੋਈ ਛੇ ਵਰਿਆਂ ਦੀ ਬੱਚੀ ਨੂੰ ਤੇਜ਼ੀ ਨਾਲ ਨਿਆਂ ਮਿਲ ਸਕੇ।
ਇਸ ਮਾਮਲੇ, ਜਿਸ ਨੂੰ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਾਥਰਸ ਮਾਮਲੇ ਨਾਲ ਤੁਲਨਾ ਕਰਕੇ ਸਿਆਸੀ ਰੰਗਤ ਕੀਤੀ ਸੀ ਜਿਸ ਦੀ ਜਾਂਚ ਹੁਣ ਸੀ.ਬੀ.ਆਈ. ਕਰ ਰਹੀ ਹੈ, ਵਿੱਚ ਟਾਂਡਾ ਪਿੰਡ ਵਿਖੇ ਨਾਬਾਲਿਗ ਬੱਚੀ ਨਾਲ ਜ਼ਬਰ-ਜਿਨਾਹ ਕਰਕੇ ਉਸ ਦਾ ਕਤਲ ਕਰਨ ਅਤੇ ਉਸ ਪਿੱਛੋਂ ਉਸ ਨੂੰ ਸਾੜ ਦੇਣ ਵਾਲੇ ਦੋਵੇਂ ਮੁਲਜ਼ਮਾਂ ਨੂੰ 21 ਅਕਤੂਬਰ ਦੀ ਰਾਤ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ।
ਭਾਜਪਾ ਨੇ ਇਸ ਨੂੰ ਆਪਣੇ ਸਿਆਸੀ ਲਾਹੇ ਲਈ ਵਰਤਣ ਦੀ ਕੋਸ਼ਿਸ਼ ਵਜੋਂ ਇਸ ਮਾਮਲੇ ਦੀ ਤੁਲਨਾ ਹਾਥਰਸ ਮਾਮਲੇ ਨਾਲ ਕੀਤੀ ਸੀ ਜਿੱਥੇ ਕਿ ਪੀੜਿਤਾ ਦੇ ਪਰਿਵਾਰ ਨੂੰ ਅਜੇ ਵੀ ਇਨਸਾਫ ਨਹੀਂ ਮਿਲਿਆ ਅਤੇ ਉਨਾਂ ਨੂੰ ਪੁਲਿਸ ਤੇ ਸਥਾਨਕ ਪ੍ਰਸ਼ਾਸਨ ਦੁਆਰਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਉਨਾਂ ਨੇ ਉੱਤਰ ਪ੍ਰਦੇਸ਼ ਤੋਂ ਬਾਹਰ ਇਹ ਮਾਮਲਾ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਹੈ।
ਹੁਸ਼ਿਆਰਪੁਰ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ, ਜਿਨਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਪੰਜਾਬ ਪੁਲਿਸ ਨੂੰ 10 ਦਿਨਾਂ ਦੇ ਅੰਦਰ ਆਪਣੀ ਚਾਰਜਸ਼ੀਟ (ਦੋਸ਼ ਪੱਤਰ) ਦਾਖਲ ਕਰਨ ਦੇ ਹੁਕਮ ਦਿੱਤੇ ਸਨ। ਮੁੱਖ ਮੰਤਰੀ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਨੇ ਇਸ ਮਾਮਲੇ ਦੇ ਸਿਰਫ ਅੱਠ ਦਿਨਾਂ ਵਿਚ ਜਾਂਚ ਪੂਰੀ ਕਰਕੇ ਰਿਕਾਰਡ 9 ਦਿਨਾਂ ਵਿਚ ਆਪਣੀ ਅੰਤਿਮ ਰਿਪੋਰਟ ਅੱਜ ਨੀਲਮ ਅਰੋੜਾ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕਰ ਦਿੱਤੀ।
ਇਸ ਮਾਮਲੇ ਵਿਚ ਕੀਤੀ ਗਈ ਜਾਂਚ ਪੜਤਾਲ, ਜੋ ਕਿ ਡੀ.ਐਸ.ਪੀ. (ਔਰਤਾਂ ਖਿਲਾਫ ਅਪਰਾਧ) ਹੁਸ਼ਿਆਰਪੁਰ ਮਾਧਵੀ ਸ਼ਰਮਾ ਵੱਲੋਂ ਐਸ.ਐਸ.ਪੀ. ਨਵਜੋਤ ਮਾਹਲ ਦੀ ਨਿਗਰਾਨੀ ਹੇਠ ਕੀਤੀ ਗਈ ਸੀ, ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਜਾਂਚ ਪੜਤਾਲ ਦੌਰਾਨ ਬੇਹੱਦ ਚੌਕਸੀ ਵਰਤੀ ਗਈ ਸੀ ਅਤੇ ਜਾਂਚ ਬੜੇ ਹੀ ਪੇਸ਼ੇਵਾਰਾਨਾ ਢੰਗ ਨਾਲ ਤੇਜ਼ੀ ਨਾਲ ਕੀਤੀ ਗਈ ਸੀ। ਵਾਰਦਾਤ ਵਾਲੀ ਥਾਂ ਤੋਂ ਸਬੂਤ ਇਕੱਠੇ ਕਰਨ ਲਈ ਫੌਰੈਂਸਿਕ ਟੀਮਾਂ ਨੂੰ ਸੱਦਿਆ ਗਿਆ ਸੀ ਜਦੋਂ ਕਿ ਅਤਿਆਧੁਨਿਕ ਲੈਬੋਰੇਟਰੀਆਂ ਵਿਚ ਫੌਰੈਂਸਿਕ ਪ੍ਰੀਖਣ ਲਈ ਤਕਨੀਕੀ ਸਬੂਤ ਅਤੇ ਡੀ.ਐਨ.ਏ. ਨਮੁਨੇ ਲਏ ਗਏ ਸਨ। ਉਨਾਂ ਅੱਗੇ ਦੱਸਿਆ ਕਿ ਮਿ੍ਰਤੱਕ ਬੱਚੀ ਦਾ ਪੋਸਟਮਾਰਟਮ ਮੈਡੀਕਲ ਅਫਸਰਾਂ ਦੇ ਇੱਕ ਬੋਰਡ ਦੁਆਰਾ ਕੀਤਾ ਗਿਆ ਹੈ।
Cortesy Rozana Spokesman