ਪੰਜਾਬ ’ਚ ਕਾਂਗਰਸ ਨੂੰ ਕੋਈ ਸਿਆਸੀ ਚੁਣੌਤੀ ਨਹੀਂ: ਅਮਰਿੰਦਰ

ਚੰਡੀਗੜ੍ਹ, 21 ਨਵੰਬਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਜ ਦੇ ਸਿਆਸੀ ਮਾਹੌਲ ਬਾਰੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਪੰਜਾਬ ਵਿਚ ਕੋਈ ਸਿਆਸੀ ਚੁਣੌਤੀ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਿਆਸੀ ਪਿੜ ’ਚ ਭਾਜਪਾ ਦਾ ਕੋਈ ਵਜੂਦ ਨਹੀਂ ਹੈ ਅਤੇ ਭਾਜਪਾ ਬਿਨਾਂ ਕਿਸੇ ਗਠਜੋੜ ਤੋਂ ਇੱਕ ਵੀ ਸੀਟ ਜਿੱਤਣ ਦੀ ਪੁਜੀਸ਼ਨ ਵਿੱਚ ਨਹੀਂ ਹੈ। ਅਮਰਿੰਦਰ ਨੇ ਭਾਜਪਾ ਵੱਲੋਂ 117 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੇ ਜਾਣ ਦੇ ਫ਼ੈਸਲੇ ਦਾ ਸਵਾਗਤ ਵੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤੋਂ ਵੀ ਸਿਆਸੀ ਖਤਰਾ ਨਹੀਂ ਹੈ ਕਿਉਂਕਿ ਕਿਸੇ ਵੀ ਸਿਆਸੀ ਧਿਰ ਨੇ ਪੰਜਾਬ ਦੇ ਹਿੱਤਾਂ ਲਈ ਕੋਈ ਸਕਾਰਤਮਕ ਗੱਲ ਨਹੀਂ ਕੀਤੀ। ਅਮਰਿੰਦਰ ਨੇ ਇਹ ਵੀ ਕਿਹਾ ਕਿ ਚੋਣਾਂ ’ਚ 18 ਮਹੀਨੇ ਦਾ ਸਮਾਂ ਪਿਆ ਹੈ ਤੇ ਚੋਣਾਂ ਵਿਚ ਕਿਹੜਾ ਮੁੱਦਾ ਭਾਰੂ ਰਹੇਗਾ, ਇਸ ਬਾਰੇ ਕਹਿਣਾ ਮੁਸ਼ਕਲ ਹੈ। ਮੁੱਖ ਮੰਤਰੀ ਨੇ ਉਮੀਦ ਜ਼ਾਹਿਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਜਲਦ ਕਰੇਗੀ ਅਤੇ ਕੇਂਦਰ ਨੂੰ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਯਕੀਨੀ ਬਣਾਉਣਾ ਚਾਹੀਦਾ ਹੈ।

ਕਾਂਗਰਸ ’ਚ ਅਸਹਿਮਤੀ ਨੂੰ ਅੰਦਰੂਨੀ ਲੋਕਤੰਤਰ ਦਾ ਸੰਕੇਤ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੇ ਪਾਰਟੀ ਹਾਈ ਕਮਾਂਡ ਨੂੰ ਪੱਤਰ ਲਿਖਿਆ ਸੀ, ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਗਠਿਤ ਅਹਿਮ ਕਮੇਟੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਮੁੱਦੇ ’ਤੇ ਕਿਹਾ ਕਿ ਉਹ ਇਸ ਗੱਲ ਦੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ ਪਰ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣਾ ਨਹੀਂ ਚਾਹੁੰਦਾ ਕਿਉਂਕਿ ਉਹ ਇਸ ਨੂੰ ਆਪਣੇ ਰਾਜਸੀ ਹਿੱਤਾਂ ਲਈ ਵਰਤਦੇ ਹਨ।  ਉਨ੍ਹਾਂ ਕਿਹਾ ਕਿ ਉਹ ਕਾਰਪੋਰੇਟਾਂ ਵੱਲੋਂ ਪੰਜਾਬ ਵਿੱਚ ਅਨਾਜ ਖਰੀਦਣ ਦਾ ਸਵਾਗਤ ਕਰਦੇ ਹਨ ਬਸ਼ਰਤੇ ਉਹ ਮੌਜੂਦਾ ਮੰਡੀਕਰਨ ਸਿਸਟਮ ਦਾ ਪਾਲਣ ਕਰਦੇ ਹੋਣ ਜਿਹੜਾ ਕਿਸਾਨ ਤੇ ਆੜ੍ਹਤੀਏ ਵਿਚਾਲੇ ਨਜ਼ਦੀਕੀ ਸਬੰਧਾਂ ਉਤੇ ਬਣਿਆ ਹੋਇਆ ਹੈ।

‘ਸੀਬੀਆਈ ਨੂੰ ਬਿਨਾਂ ਇਜਾਜ਼ਤ ਪੰਜਾਬ ਵਿੱਚ ਦਾਖਲਾ ਨਹੀਂ’

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਮਾਮਲੇ ਵਿੱਚ ਸੀਬੀਆਈ ਦੀ ਮਾੜੀ ਕਾਰਗੁਜ਼ਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਰਾਜ ਸਰਕਾਰ ਕੇਂਦਰੀ ਜਾਂਚ ਬਿਊਰੋ ਨੂੰ ਆਪਣੇ ਸੂਬੇ ਵਿੱਚ ਬਿਨਾਂ ਆਗਿਆ ਤੋਂ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇਵੇਗੀ। ਪੰਜਾਬ ਸਮੇਤ ਅੱਠ ਸੂਬਿਆਂ ਵੱਲੋਂ ਸੀਬੀਆਈ ਨੂੰ ਬਿਨਾਂ ਆਗਿਆ ਦਾਖਲ ਹੋਣ ਦੀ ਇਜਾਜ਼ਤ ਵਾਪਸ ਲੈਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਜਾਂਚ ਏਜੰਸੀ ਦੀ ਵੱਧ ਤੋਂ ਵੱਧ ਵਰਤੋਂ ਰਾਜਨੀਤੀ ਕਰਨ ਲਈ ਕੀਤੀ ਜਾ ਰਹੀ ਹੈ ਅਤੇ ਸੀਬੀਆਈ ਰਾਹੀਂ ਨਿਰਪੱਖ ਜਾਂਚ ਯਕੀਨੀ ਨਹੀਂ ਬਣਾਈ ਜਾ ਸਕਦੀ।

Punjabi TRibune