ਬੀਸੀ ਵਿੱਚ ਚਾਰ ਪੰਜਾਬੀ ਮੰਤਰੀ ਮੰਡਲ ’ਚ ਸ਼ਾਮਲ

 

 

ਬੀਸੀ ਵਿੱਚ ਚਾਰ ਪੰਜਾਬੀ ਮੰਤਰੀ ਮੰਡਲ ’ਚ ਸ਼ਾਮਲ

ਬਠਿੰਡਾ, 28 ਨਵੰਬਰ

ਬ੍ਰਿਟਿਸ਼ ਕੋਲੰਬੀਆ ਦੇ ਦੁਬਾਰਾ ਚੁਣੇ ਗਏ ਪ੍ਰੀਮੀਅਰ ਜੌਹਨ ਹੋਰਗਨ ਵੱਲੋਂ ਕੈਨੇਡਾ ਦੀਆਂ ਚੋਣਾਂ ਵਿੱਚ ਜਿੱਤਣ ਵਾਲੇ ਨੌਂ ਪੰਜਾਬੀ ਭਾਰਤੀ-ਕੈਨਡਿਆਈ ਵਿਧਾਇਕਾਂ ’ਚੋਂ ਚਾਰ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਦੋ ਵਿਧਾਇਕਾਂ ਹੈਰੀ ਬੈਂਸ ਤੇ ਰਵੀ ਕਾਹਲੋਂ ਨੂੰ ਮੰਤਰੀ ਬਣਾਇਆ ਗਿਆ ਹੈ ਜਦੋਂਕਿ ਰਚਨਾ ਸਿੰਘ ਤੇ ਨਿੱਕੀ ਸ਼ਰਮਾ ਨੂੰ ਸੰਸਦੀ ਸਕੱਤਰ ਬਣਾਇਆ ਗਿਆ ਹੈ।

ਹੈਰੀ ਬੈਂਸ ਨੂੰ ਮੁੜ ਤੋਂ ਬ੍ਰਿਟਿਸ਼ ਕੋਲੰਬੀਆ ਦਾ ਕਿਰਤ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਹ 2005 ਤੋਂ ਸਰੀ-ਨਿਊਟਨ ਤੋਂ ਐੱਨਡੀਪੀ ਵਿਧਾਇਕ ਹਨ। ਬੈਂਸ ਨੇ ਟਵੀਟ ਕੀਤਾ, ‘‘ਬ੍ਰਿਟਿਸ਼ ਕੋਲੰਬੀਆ ਵਿੱਚ ਕੰਮ ਵਾਲੀਆਂ ਥਾਵਾਂ ਨੂੰ ਦੇਸ਼ ਭਰ ’ਚੋਂ ਸਭ ਤੋਂ ਸੁਰੱਖਿਅਤ ਬਣਾਉਣ ਲਈ ਇਕ ਵਾਰ ਫਿਰ ਤੋਂ ਤੁਹਾਡੇ ਕਿਰਤ ਮੰਤਰੀ ਵਜੋਂ ਸੇਵਾ ਦਾ ਮੌਕਾ ਮਿਲਣ ’ਤੇ ਮੈਂ ਕਾਫੀ ਨਿਮਰ ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਅੱਗੇ ਮੁੜ ਕੰਮ ’ਤੇ ਪਰਤਣ ਲਈ ਆਸਵੰਦ ਹਾਂ। ਤੁਹਾਡਾ ਸਾਰਿਆਂ ਦਾ ਇਕ ਵਾਰ ਫਿਰ ਤੋਂ ਧੰਨਵਾਦ।’’

ਡੈਲਟਾ ਨੌਰਥ ਦੇ ਵਿਧਾਇਕ ਰਵੀ ਕਾਹਲੋਂ ਨੂੰ ਰੁਜ਼ਗਾਰ, ਆਰਥਿਕ ਸੁਧਾਰ ਅਤੇ ਨਵੀਨਤਾ ਮੰਤਰੀ ਨਿਯੁਕਤ ਕੀਤਾ ਗਿਆ ਹੈ। ਸ੍ਰੀ ਕਾਹਲੋਂ ਨੇ ਵਿਧਾਇਕ ਵਜੋਂ ਆਪਣੇ ਪਹਿਲੇ ਕਾਰਜਕਾਲ ਵਿਚ ਖੇਡ ਤੇ ਬਹੁਸਭਿਆਚਾਰ ਵਿਭਾਗ ਦੇ ਸੰਸਦੀ ਸਕੱਤਰ ਵਜੋਂ ਸੇਵਾ ਨਿਭਾਈ ਸੀ। ਉਸ ਤੋਂ ਬਾਅਦ ਜੰਗਲਾਤ, ਜ਼ਮੀਨਾਂ, ਕੁਦਰਤੀ ਸੋਮਿਆਂ ਦੇ ਸੰਚਾਲਨ ਅਤੇ ਪੇਂਡੂ ਵਿਕਾਸ ਦੇ ਸੰਸਦੀ ਸਕੱਤਰ ਵਜੋਂ ਸੇਵਾ ਨਿਭਾਈ ਸੀ। ਇਕ ਹੋਰ ਪੰਜਾਬੀ ਜੋ ਸਰਕਾਰ ਦਾ ਹਿੱਸਾ ਹੋਵੇਗੀ ਉਹ ਹੈ ਰਚਨਾ ਸਿੰਘ। ਰਚਨਾ ਸਿੰਘ ਦਾ ਨਾਮ ਨਸਲਵਾਦੀ ਵਿਰੋਧੀ ਪਹਿਲਕਦਮੀਆਂ ਬਾਰੇ ਵਿਭਾਗ ਦੇ ਸੰਸਦੀ ਸਕੱਤਰ ਵਜੋਂ ਸਰਕਾਰ ’ਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ, ਭਾਰਤੀ ਮੂਲ ਦੀ ਐੱਨਡੀਪੀ ਵਿਧਾਇਕ ਨਿੱਕੀ ਸ਼ਰਮਾ ਨੂੰ ਕਮਿਊਨਿਟੀ ਵਿਕਾਸ ਤੇ ਗੈਰ-ਮੁਨਾਫ਼ਿਆਂ ਲਈ ਸੰਸਦੀ ਸਕੱਤਰ ਲਗਾਇਆ ਗਿਆ ਹੈ। ਉਹ ਪੇਸ਼ੇ ਤੋਂ ਇਕ ਵਕੀਲ ਹੈ ਅਤੇ ਵੈਨਕੂਵਰ-ਹੇਸਟਿੰਗਜ਼ ਤੋਂ ਵਿਧਾਇਕ ਚੁਣੀ ਗਈ ਹੈ।