ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੀ ਪਲੇਠੀ ਮੀਟਿੰਗ 19 ਨੂੰ


ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਕਾਇਮ ਚਾਰ ਮੈਂਬਰੀ ਕਮੇਟੀ ਦੀ ਪਲੇਠੀ ਮੀਟਿੰਗ 19 ਜਨਵਰੀ ਨੂੰ ਪੂਸਾ ਕੈਂਪਸ ਵਿੱਚ ਹੋਵੇਗੀ। ਕਮੇਟੀ ਮੈਂਬਰਾਂ ‘ਚੋਂ ਇਕ ਅਨਿਲ ਘਨਵਤ ਨੇ ਜ਼ੋਰ ਦੇ ਕੇ ਆਖਿਆ ਕਿ ਕਮੇਟੀ ਨੂੰ ਜੇਕਰ ਕਿਸਾਨਾਂ ਨਾਲ ਗੱਲਬਾਤ ਲਈ ਧਰਨੇ/ਪ੍ਰਦਰਸ਼ਨਾਂ ਵਾਲੀ ਥਾਂ ਵੀ ਜਾਣਾ ਪਿਆ ਤਾਂ ਕਮੇਟੀ ਇਸ ਨੂੰ ‘ਹਊਮੈ ਜਾਂ ਸਾਖ਼’ ਦਾ ਸਵਾਲ ਨਹੀਂ ਬਣਾਏਗੀ। ਦੱਸਣਾ ਬਣਦਾ ਹੈ ਕਿ ਕਮੇਟੀ ਮੈਂਬਰਾਂ ਨੇ ਭਵਿੱਖੀ ਰੂਪ ਰੇਖਾ ਘੜਨ ਲਈ ਅੱਜ ਦਿਨੇ ਇਕ ਦੂਜੇ ਨਾਲ ਵਰਚੁਅਲ ਰੂਬਰੂ ਦਾ ਪ੍ਰੋਗਰਾਮ ਮਿੱਥਿਆ ਸੀ, ਪਰ ਸਾਬਕਾ ਰਾਜ ਸਭਾ ਮੈਂਬਰ ਤੇ ਕਿਸਾਨ ਆਗੂ ਭੁਪਿੰਦਰ ਸਿੰਘ ਮਾਨ ਵੱਲੋਂ ਖੁਦ ਨੂੰ ਕਮੇਟੀ ਤੋਂ ਲਾਂਭੇ ਕਰਨ ਦੇ ਫੈਸਲੇ ਕਰ ਕੇ ਇਸ ਨੂੰ ਰੱਦ ਕਰਨਾ ਪਿਆ। ਗਨਵਤ ਨੇ ਕਿਹਾ ਕਿ ਕਮੇਟੀ ਦੇ ਬਾਕੀ ਬਚਦੇ ਮੈਂਬਰ ਹੁਣ ਸ਼ੁੱਕਰਵਾਰ ਨੂੰ ਵਰਚੁਅਲ ਮੀਟਿੰਗ ਕਰਨਗੇ। ਸ਼ੇਤਕਾਰੀ ਸੰਗਠਨ ਮਹਾਰਾਸ਼ਟਰ ਦੇ ਪ੍ਰਧਾਨ ਅਨਿਲ ਘਨਵਤ ਨੇ ਕਿਹਾ ਕਿ ਉਹ ਕਮੇਟੀ ਨੂੰ ਨਹੀਂ ਛੱਡਣਗੇ ਬਨਿਸਬਤ ਸੁਪਰੀਮ ਕੋਰਟ ਅਜਿਹਾ ਕਰਨ ਲਈ ਆਖੇ। ਉਨ੍ਹਾਂ ਆਸ ਜਤਾਈ ਕਿ ਕਮੇਟੀ ਦੇ ਹੋਰ ਮੈਂਬਰ ਇਸ ਤੋਂ ਲਾਂਭੇ ਨਹੀਂ ਹੋਣਗੇ।
-ਪੀਟੀਆਈSource link