ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਜਨਵਰੀ
ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਅੱਜ ਦਿੱਲੀ ਦੀਆਂ ਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਸਵੇਰੇ ਪਾਠ ਕੀਤਾ ਗਿਆ ਤੇ ਮਗਰੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਰਾਗੀਆਂ ਨੇ ਇਤਿਹਾਸਕ ਪ੍ਰਸੰਗ ਸੁਣਾਏ ਤੇ ਬੀਬੀਆਂ ਦੇ ਢਾਡੀ ਜਥਿਆਂ ਨੇ ਵਾਰਾਂ ਗਾ ਕੇ ਮੋਦੀ ਸਰਕਾਰ ਨੂੰ ਵੰਗਾਰਿਆ।
ਸਟੇਜ ਦੀ ਕਾਰਵਾਈ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਦਿਆਂ ਜਬਰ-ਜ਼ੁਲਮ ਤੇ ਕਾਣੀ ਵੰਡ ਖ਼ਿਲਾਫ਼ ਅੰਦੋਲਨ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ।
ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਦਸਮ ਪਿਤਾ ਨੇ ਆਪਣਾ ਸਾਰਾ ਪਰਿਵਾਰ ਉਦੋਂ ਦੇ ਮੁਗ਼ਲ ਹਾਕਮਾਂ ਵੱਲੋਂ ਗ਼ਰੀਬਾਂ ‘ਤੇ ਕੀਤੇ ਜਾ ਰਹੇ ਅੱਤਿਆਚਾਰਾਂ ਖ਼ਿਲਾਫ਼ ਸੰਘਰਸ਼ ਦੌਰਾਨ ਵਾਰ ਦਿੱਤਾ। ਗਾਇਕ ਕੰਵਰ ਗਰੇਵਾਲ, ਹਰਫ਼ ਚੀਮਾ ਤੇ ਗ਼ਾਲਿਬ ਵੜੈਚ ਨੇ ਆਪਣੇ ਭਾਸ਼ਣਾਂ ਤੇ ਗੀਤਾਂ ਰਾਹੀਂ ਕਿਸਾਨਾਂ-ਮਜ਼ਦੂਰਾਂ ਨੂੰ ਇਸ ਸ਼ਾਂਤਮਈ ਮੋਰਚੇ ਵਿੱਚ ਡਟੇ ਰਹਿਣ ਦਾ ਸੱਦਾ ਦਿੱਤਾ। ‘ਖਾਲਸਾ ਏਡ’ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤੇ ਜਾਣ ਦਾ ਪੰਜਾਬ ਕਿਸਾਨ ਯੂਨੀਅਨ ਵੱਲੋਂ ਸਵਾਗਤ ਕੀਤਾ ਗਿਆ। ਕਿਸਾਨ ਆਗੂ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਰਵੀ ਸਿੰਘ ਖਾਲਸਾ ਵੱਲੋਂ ਕਾਇਮ ਸੰਸਥਾ ਨੇ ਲੋਕਾਂ ਦੀ ਮਹਾਨ ਸੇਵਾ ਕੀਤੀ ਹੈ।