ਅਮਰੀਕਾ ਹੁਣ ਬਾਇਡਨ ਹਵਾਲੇ


ਵਾਸ਼ਿੰਗਟਨ, 20 ਜਨਵਰੀ

ਜੋਅ ਬਾਇਡਨ ਨੇ ਅੱਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਤੇ ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਵਜੋਂ ਹਲਫ਼ ਲੈ ਲਿਆ। ਹੈਰਿਸ (56) ਅਮਰੀਕੀ ਉਪ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਮਹਿਲਾ ਹੋਵੇਗੀ। ਹੈਰਿਸ ਇਸ ਅਹੁਦੇ ਤੱਕ ਪਹੁੰਚਣ ਵਾਲੀ ਜਮਾਇਕਨ-ਭਾਰਤੀ ਮੂਲ ਦੀ ਵੀ ਪਹਿਲੀ ਮਹਿਲਾ ਹੈ। ਬਾਇਡਨ ਅਮਰੀਕੀ ਇਤਿਹਾਸ ਵਿਚ ਹੁਣ ਤੱਕ ਦੇ ਸਭ ਤੋਂ ਉਮਰ ਦਰਾਜ਼ (78) ਰਾਸ਼ਟਰਪਤੀ ਹੋਣਗੇ। ਹਲਫ਼ਦਾਰੀ ਸਮਾਗਮ ਦੌਰਾਨ ਅਮਰੀਕੀ ਗਾਇਕਾ ਲੇਡੀ ਗਾਗਾ ਨੇ ਕੌਮੀ ਤਰਾਨਾ ਗਾਇਆ। ਇਸ ਮੌਕੇ ਬਾਇਡਨ ਤੇ ਹੈਰਿਸ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਈ ਉੱਘੀਆਂ ਹਸਤੀਆਂ ਮੌਜੂਦ ਸਨ। ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਅਮਰੀਕੀ ਰਾਸ਼ਟਰਪਤੀ ਬਾਇਡਨ ਤੇ ਉਪ ਰਾਸ਼ਟਰਪਤੀ ਹੈਰਿਸ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਨਵੇਂ ਰਾਸ਼ਟਰਪਤੀ ਨਾਲ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹਨ।

ਇਸ ਤੋਂ ਪਹਿਲਾਂ ਹਲਫ਼ਦਾਰੀ ਸਮਾਗਮ ਮੌਕੇ ਵਾਸ਼ਿੰਗਟਨ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਕੈਪੀਟਲ ਹਿੱਲ ‘ਚ 6 ਜਨਵਰੀ ਨੂੰ ਹੋਈ ਹਿੰਸਾ ਦੇ ਮੱਦੇਨਜ਼ਰ ਅਮਰੀਕੀ ਸੰਸਦ ਭਵਨ ਨੂੰ ਕਿਲ੍ਹੇ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਸਮਾਗਮ ਦੌਰਾਨ ਕੋਵਿਡ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਗਈ। ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਵ੍ਹਾਈਟ ਹਾਊਸ ਨੂੰ ਅਲਵਿਦਾ ਕਹਿ ਕੇ ਫਲੋਰਿਡਾ ਲਈ ਰਵਾਨਾ ਹੋ ਗਏ। ਬਾਇਡਨ ਨੇ ਆਪਣੇ ਸੰਬੋਧਨ ਵਿਚ ਅੱਜ ਦੇ ਦਿਨ ਨੂੰ ‘ਜਮਹੂਰੀਅਤ ਦਾ ਦਿਨ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਹੁਣ ਜਮਹੂਰੀਅਤ ਦਾ ਬੋਲਬਾਲਾ ਹੋਵੇਗਾ। ਇਸ ਮੌਕੇ ਰਾਸ਼ਟਰਪਤੀ ਜੋਅ ਬਾਇਡਨ ਨੇ ਟਰੰਪ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਬਾਇਡਨ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਮਹਾਮਾਰੀ ਦੇ ਝੰਬੇ ਅਮਰੀਕਾ ਦਾ ਨਵੇਂ ਸਿਰਿਓਂ ਨਿਰਮਾਣ ਕਰੇਗਾ। ਉਨ੍ਹਾਂ ਅਮਰੀਕਾ ਨੂੰ ਇਕਜੁੱਟ ਰੱਖਣ ਲਈ ਦੇਸ਼ਵਾਸੀਆਂ ਤੋਂ ਸਹਿਯੋਗ ਮੰਗਿਆ ਤੇ ਕਿਹਾ ਕਿ ਮਿਲ-ਜੁਲ ਕੇ ਦੇਸ਼ ਨੂੰ ਨਵੀਆਂ ਸਿਖ਼ਰਾਂ ਵੱਲ ਲਿਜਾਇਆ ਜਾ ਸਕਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਹ ਘਰੇਲੂ ਅਤਿਵਾਦ ਨੂੰ ਭਾਂਜ ਦੇਣਗੇ। ਹਲਫ਼ਦਾਰੀ ਸਮਾਗਮ ਵਿੱਚ ਸਾਬਕਾ ਰਾਸ਼ਟਰਪਤੀ ਜੌਰਜ ਬੁਸ਼, ਬਰਾਕ ਓਬਾਮਾ ਤੇ ਬਿਲ ਕਲਿੰਟਨ ਵੀ ਮੌਜੂਦ ਸਨ। -ਪੀਟੀਆਈ



Source link