ਦੇਸ਼ ਦੀ ਤਬਾਹੀ ਲਈ ਮੋਦੀ ਅਤੇ ਆਰਐੱਸਐੱਸ ਜ਼ਿੰਮੇਵਾਰ: ਰਾਹੁਲ ਗਾਂਧੀ


ਥਾਨਾ/ਨਿਲਾਂਬਰ (ਕੇਰਲਾ), 27 ਜਨਵਰੀ

ਚੀਨ ਨਾਲ ਸਰਹੱਦੀ ਤਣਾਅ ਦੇ ਮੱਦੇਨਜ਼ਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਤਿੱਖਾ ਹਮਲਾ ਜਾਰੀ ਰੱਖਿਆ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਦੇਸ਼ ਨੂੰ ‘ਕਮਜੋਰ ਅਤੇ ਤਬਾਹ’ ਕਰ ਰਹੇ ਹਨ ਅਤੇ ਦਾਅਵਾ ਕੀਤਾ ਕਿ ਪਹਿਲੀ ਵਾਰ ਚੀਨੀ ਫ਼ੌਜੀ ਭਾਰਤੀ ਖੇਤਰ ਅੰਦਰ ਬੈਠੀ ਹੈ। ਕੇਰਲਾ ਵਿੱਚ ਅਗਲੇ ਕੁੱਝ ਮਹੀਨਿਆਂ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਉਹ ਦੋ ਰੋਜ਼ਾ ਦੌਰੇ ‘ਤੇ ਹਨ। ਰਾਹੁਲ ਨੇ ਕਾਂਗਰਸ ਦੀ ਅਗਵਾਈ ਵਾਲੇ ਸਾਂਝਾ ਜਮਹੂਰੀ ਮੋਰਚਾ (ਯੂਡੀਐੱਫ) ਵੱਲੋਂ ਵਰਚੁਅਲ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਉਨ੍ਹਾਂ ਸੀਪੀਐੱਮ ਦੀ ਅਗਵਾਈ ਵਾਲੇ ਸੱਤਾਧਾਰੀ ਐੱਲਡੀਐੱਫ ‘ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੀਆਂ ਨੀਤੀਆਂ ਨੇ ਸੂਬੇ ਨੂੰ ਨੁਕਸਾਨ ਪਹੁੰਚਾਇਆ ਹੈ। ਮੱਲਾਪੁਰਮ ਜ਼ਿਲ੍ਹੇ ਦੇ ਥਾਨਾ ਅਤੇ ਨਿਲਾਂਬਰ ਵਿੱਚ ਯੂਡੀਐੱਫ ਦੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਨੇ ਦੋਸ਼ ਲਾਇਆ ਕਿ ਆਰਐੱਸਐੱਸ ‘ਨਫ਼ਰਤ ਫੈਲਾ ਰਹੀ ਹੈ ਅਤੇ ਦੇਸ਼ ਦੀ ਤਬਾਹ ਹੋਈ ਅਰਥਵਿਵਸਥਾ ਲਈ ਜ਼ਿੰਮੇਵਾਰ ਹੈ।

ਉਨ੍ਹਾਂ ਕਿਹਾ, ”ਤੁਸੀਂ ਜਾਣਦੇ ਹੋ ਕਿ ਪ੍ਰਧਾਨ ਮੰਤਰੀ ਦੇਸ਼ ਦੇ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਪਹਿਲੀ ਵਾਰ ਹੈ ਕਿ ਚੀਨੀ ਫ਼ੌਜੀ ਭਾਰਤੀ ਖੇਤਰ ਅੰਦਰ ਬੈਠੀ ਹਨ। ਸਾਡੀ ਅਰਥਵਿਵਸਥਾ, ਜੋ ਦੁਨੀਆਂ ਦੀ ਸਭ ਤੋਂ ਬਿਹਤਰੀਨ ਅਰਥਵਿਵਸਥਾ ਸੀ, ਉਹ ਹੁਣ ਤਬਾਹ ਹੋ ਚੁੱਕੀ ਹੈ। ਸਾਡੇ ਨੌਜਵਾਨਾਂ ਨੂੰ ਸੌਖਿਆਂ ਰੁਜ਼ਗਾਰ ਨਹੀਂ ਮਿਲ ਸਕਦਾ। ਇਹ ਸਭ ਆਰਐੱਸਐੱਸ ਦੀ ਵਿਚਾਰਧਾਰਾ ਦਾ ਨਤੀਜਾ ਹੈ।”

-ਪੀਟੀਆਈSource link