ਭੁਪਾਲ, 6 ਫਰਵਰੀ
ਕਿਸਾਨ ਅੰਦੋਲਨ ਦੇ ਮੁੱਦੇ ’ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਲਏ ਜਾ ਰਹੇ ਸਟੈਂਡ ਲਈ ਉਨ੍ਹਾਂ ’ਤੇ ਹਮਲਾ ਬੋਲਦਿਆਂ ਆਰਐੱਸਐੱਸ ਦੇ ਸੀਨੀਅਰ ਆਗੂ ਰਘੂਨੰਦਨ ਸ਼ਰਮਾ ਨੇ ਕਿਹਾ ਹੈ ਕਿ ਤੋਮਰ ਦੇ ਸਿਰ ’ਤੇ ਸੱਤਾ ਦਾ ਨਸ਼ਾ ਸਵਾਰ ਹੈ। ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਰਹਿ ਚੁੱਕੇ ਸ਼ਰਮਾ ਨੇ ਦੋ ਦਿਨ ਪਹਿਲਾਂ ਆਪਣੇ ਫੇਸਬੁੱਕ ਅਕਾਊਂਟ ’ਤੇ ਕੇਂਦਰੀ ਮੰਤਰੀ ਨੂੰ ਸੁਝਾਅ ਦਿੱਤਾ ਹੈ ਕਿ ਉਹ ਰਾਸ਼ਟਰਵਾਦ ਮਜ਼ਬੂਤ ਕਰਨ ਲਈ ਕੰਮ ਕਰਨ। ‘ਨਰੇਂਦਰਜੀ, ਤੁਸੀਂ ਸਰਕਾਰ ਦਾ ਹਿੱਸਾ ਹੋ। ਤੁਹਾਡਾ ਇਰਾਦਾ ਕਿਸਾਨਾਂ ਦੀ ਸਹਾਇਤਾ ਕਰਨਾ ਹੋਵੇਗਾ ਪਰ ਜੇਕਰ ਕੁਝ ਲੋਕ ਸਹਾਇਤਾ ਨਹੀਂ ਲੈਣਾ ਚਾਹੁੰਦੇ ਹਨ ਤਾਂ ਭਲਾਈ ਕਰਨ ਦੀ ਕੀ ਲੋੜ ਹੈ?’ ਉਨ੍ਹਾਂ ਕਿਹਾ ਕਿ ਹੈ ਕਿ ਜੇਕਰ ਕੋਈ ਨੰਗਾ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਜਬਰੀ ਕੱਪੜੇ ਪਵਾਉਣ ਦੀ ਕੋਈ ਤੁਕ ਨਹੀਂ ਹੈ। 73 ਸਾਲ ਦੇ ਆਰਐੱਸਐੱਸ ਆਗੂ ਨੇ ਪੋਸਟ ’ਚ ਕਿਹਾ ਹੈ ਕਿ ਜੇਕਰ ਤੋਮਰ ਇਹ ਖ਼ਿਆਲ ਪਾਲ ਰਹੇ ਹਨ ਕਿ ਉਹ ਆਪਣੀ ਸਖ਼ਤ ਮਿਹਨਤ ਦਾ ਫਲ ਲੈ ਰਹੇ ਹਨ ਤਾਂ ਇਹ ਉਨ੍ਹਾਂ ਦਾ ਭੁਲੇਖਾ ਹੈ। ਉਨ੍ਹਾਂ ਕਿਹਾ,‘‘ਤੁਸੀਂ ਲੋਕ ਰਾਏ ਨੂੰ ਕਿਉਂ ਗੁਆ ਰਹੇ ਹੋ? ਅਸੀਂ ਕਾਂਗਰਸ ਦੀਆਂ ਖ਼ਰਾਬ ਨੀਤੀਆਂ ਅਪਣਾ ਰਹੇ ਹਾਂ ਜੋ ਸਾਡੇ ਹਿੱਤ ’ਚ ਨਹੀਂ ਹਨ। ਘੜੇ ’ਚੋਂ ਇਕ-ਇਕ ਬੂੰਦ ਟਪਕਣ ਨਾਲ ਉਹ ਖਾਲੀ ਹੋ ਜਾਂਦਾ ਹੈ। ਬੱਸ ਇਹੋ ਹਾਲ ਲੋਕ ਰਾਏ ਨਾਲ ਵੀ ਹੁੰਦਾ ਹੈ।’’ ਆਗੂ ਨੇ ਤੋਮਰ ਨੂੰ ਨਸੀਹਤ ਦਿੰਦਿਆਂ ਲਿਖਿਆ ਹੈ ਕਿ ਉਹ ਰਾਸ਼ਟਰਵਾਦ ਨੂੰ ਮਜ਼ਬੂਤ ਕਰਨ ਲਈ ਪੂਰਾ ਜ਼ੋਰ ਲਾਵੇ, ਨਹੀਂ ਤਾਂ ਬਾਅਦ ’ਚ ਅਫ਼ਸੋਸ ਕਰਨਾ ਪਵੇਗਾ। ‘ਤੁਹਾਨੂੰ ਵਿਚਾਰਧਾਰਾ ਸਾਂਭਣ ਦੀ ਲੋੜ ਹੈ।’ ਸ਼ਰਮਾ ਨੇ ਆਰਐੱਸਐੱਸ ਵਿਚਾਰਧਾਰਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਸਖ਼ਤ ਮਿਹਨਤ, ਕੁਰਬਾਨੀ ਅਤੇ ਸਮਰਪਣ ਨਾਲ ਸ਼ਤਾਬਦੀ ਬਾਅਦ ਹਾਸਲ ਕੀਤੀ ਗਈ ਹੈ ਅਤੇ ਰਾਸ਼ਟਰਵਾਦ ਨੂੰ ਮੋਹਰੀ ਰੱਖ ਕੇ ਕੇਂਦਰ ’ਚ ਰਾਸ਼ਟਰਵਾਦੀ ਸਰਕਾਰ ਦੀ ਸਥਾਪਨਾ ਹੋਈ ਹੈ। ਰਾਸ਼ਟਰਵਾਦੀ ਸਰਕਾਰ ਦੇ ਗਠਨ ਲਈ ਹਜ਼ਾਰਾਂ ਰਾਸ਼ਟਰਵਾਦੀਆਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਹਨ।
Courtesy Punjabi Tribune