ਵਾਸ਼ਿੰਗਟਨ, 13 ਫਰਵਰੀ
ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਖ਼ਿਲਾਫ਼ ਦੂਜੀ ਵਾਰ ਚੱਲ ਰਹੀ ਮਹਾਦੋਸ਼ ਦੀ ਕਾਰਵਾਈ (ਅਮਰੀਕੀ ਸਮੇਂ ਅਨੁਸਾਰ) ਸ਼ਨਿੱਚਰਵਾਰ ਤੱਕ ਮੁਕੰਮਲ ਹੋ ਸਕਦੀ ਹੈ। ਹਾਲਾਂਕਿ ਅਮਰੀਕੀ ਸੈਨੇਟ, 6 ਜਨਵਰੀ ਨੂੰ ਇਲੈਕਟੋਰਲ ਵੋਟਾਂ ਦੀ ਗਿਣਤੀ ਦੌਰਾਨ ਯੂਐੱਸ ਕੈਪੀਟਲ (ਅਮਰੀਕੀ ਸੰਸਦ) ‘ਤੇ ਟਰੰਪ ਹਮਾਇਤੀਆਂ ਵੱਲੋਂ ਕੀਤੇ ਹਮਲੇ ਦੇ ਆਧਾਰ ‘ਤੇ ਵਿੱਢੀ ਇਸ ਕਾਰਵਾਈ ਨੂੰ ਲੈ ਕੇ ਵੰਡੀ ਹੋਈ ਹੈ। ਟਰੰਪ ਪਹਿਲੇ ਅਮਰੀਕੀ ਸਦਰ ਹਨ ਜਿਨ੍ਹਾਂ ਖ਼ਿਲਾਫ਼ ਦੋ ਵਾਰ ਮਹਾਦੋਸ਼ ਦੀ ਕਾਰਵਾਈ ਚੱਲੀ ਹੈ ਤੇ ਪਹਿਲੇ ਰਾਸ਼ਟਰਪਤੀ ਹਨ ਜਿਨ੍ਹਾਂ ਨੂੰ ਅਹੁਦਾ ਛੱਡਣ ਤੋਂ ਬਾਅਦ ਮਹਾਦੋਸ਼ ਦਾ ਸਾਹਮਣਾ ਕਰਨਾ ਪੈ ਰਿਹੈ। ਉਂਜ ਸਾਬਕਾ ਅਮਰੀਕੀ ਸਦਰ ‘ਤੇ ਮਹਾਦੋਸ਼ ਸਾਬਤ ਹੋਣ ਦੇ ਆਸਾਰ ਮੱਧਮ ਹਨ। ਅਮਰੀਕੀ ਸੈਨੇਟ ਵਿੱਚ ਡੈਮੋਕਰੈਟਾਂ ਤੇ ਰਿਪਬਲਿਕਨਾਂ ਦੀਆਂ 50-50 ਸੀਟਾਂ ਹਨ ਤੇ ਟਰੰਪ ਖ਼ਿਲਾਫ਼ ਮਹਾਦੋਸ਼ ਸਾਬਤ ਕਰਨ ਲਈ ਘੱਟੋ-ਘੱਟ 67 ਵੋਟਾਂ ਦੀ ਲੋੜ ਪਏਗੀ। ਚੇਤੇ ਰਹੇ ਕਿ ਮਹਾਦੋਸ਼ ਦੀ ਸੰਵਿਧਾਨਕਿਤਾ ਲਈ ਹੋਈ ਵੋਟਿੰਗ ਦੌਰਾਨ ਛੇ ਰਿਪਬਲਿਕਨਾਂ ਨੇ ਡੈਮੋਕਰੈਟਾਂ ਦਾ ਸਾਥ ਦਿੱਤਾ ਸੀ। ਅਮਰੀਕੀ ਸੈਨੇਟ ਸ਼ਨਿੱਚਰਵਾਰ ਨੂੰ ਸਵੇਰੇ 10 ਵਜੇ ਜੁੜੇਗੀ ਤੇ ਵੋਟਿੰਗ ਦਾ ਨਤੀਜਾ ਬਾਅਦ ਦੁਪਹਿਰ ਸਾਹਮਣੇ ਆ ਜਾਵੇਗਾ।
ਇਸ ਦੌਰਾਨ ਡੋਨਲਡ ਟਰੰਪ ਦੇ ਵਕੀਲਾਂ ਨੇ ਆਪਣੇ ਮੁਵੱਕਿਲ ‘ਤੇ ਹਮਾਇਤੀਆਂ ਨੂੰ ਵਿਦਰੋਹ ਲਈ ਉਕਸਾਉਣ ਦੇ ਲੱਗੇ ਦੋਸ਼ਾਂ ਨੂੰ ‘ਸਰਾਸਰ ਝੂਠ’ ਕਰਾਰ ਦਿੱਤਾ ਹੈ। ਵਕੀਲਾਂ ਨੇ ਕਿਹਾ ਕਿ ਸਾਬਕਾ ਅਮਰੀਕੀ ਸਦਰ ਖਿਲਾਫ਼ ਲਾਏ ਦੋਸ਼ ‘ਸਿਆਸਤ ਤੋਂ ਪ੍ਰੇਰਿਤ’ ਹਨ। -ਰਾਇਟਰਜ਼