ਕਿਸਾਨਾਂ ਦਾ ਸੰਘਰਸ਼ ਆਸ ਦੀ ਨਵੀਂ ਕਿਰਨ ਲੈ ਕੇ ਆਇਆ: ਮੌਲਾਨਾ ਨੋਮਾਨੀ


ਨਵੀਂ ਦਿੱਲੀ, 15 ਫਰਵਰੀ

ਮੌਲਾਨਾ ਸੱਜਾਦ ਨੋਮਾਨੀ ਨੇ ਅੱਜ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਦੇਸ਼ ਵਿੱਚ ਬੇਇਨਸਾਫ਼ੀ ਖ਼ਿਲਾਫ਼ ਆਸ ਦੀ ਨਵੀਂ ਕਿਰਨ ਲੈ ਕੇ ਆਇਆ ਹੈ। ਸਿੰਘੂ ਬਾਰਡਰ ‘ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਬੁਲਾਰੇ ਨੇ ਕਿਹਾ, ”ਬਹੁਤ ਸਾਰੀਆਂ ਜਥੇਬੰਦੀਆਂ ਕਈ ਸਾਲਾਂ ਤੋਂ ਦੇਸ਼ ਦੇ ਲੋਕਾਂ ਨੂੰ ਬੇਇਨਸਾਫ਼ੀ ਸਬੰਧੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਇਹ ਅੰਦੋਲਨ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਆਸ ਦੀ ਨਵੀਂ ਕਿਰਨ ਲੈ ਕੇ ਆਇਆ ਹੈ।” ਨੋਮਾਨੀ ਨੇ ਕਿਹਾ, ”ਤੁਹਾਡਾ ਅਤੇ ਤੁਹਾਡੀ ਲੀਡਰਸ਼ਿਪ ਦਾ ਧੰਨਵਾਦ, ਜਿਸ ਨੇ ਮਹਿਸੂਸ ਕੀਤਾ ਕਿ ਬਹੁਤ ਹੋ ਗਿਆ ਅਤੇ ਤੁਹਾਡੀ ਆਵਾਜ਼ ਉਠਾਉਣ ਦਾ ਫ਼ੈਸਲਾ ਕੀਤਾ। ਸਾਡਾ ਇਹ ਭਰੋਸਾ ਮੁੜ ਬੱਝਿਆ ਹੈ ਕਿ ਦੇਸ਼ ਵਿੱਚ ਹਨੇਰੇ ਦਾ ਦੌਰ ਖ਼ਤਮ ਹੋਣ ਵਾਲਾ ਹੈ। ਇਨਸਾਫ਼ ਹੁਣ ਬਹੁਤੀ ਦੂਰ ਨਹੀਂ।” ਇਸਲਾਮਿਕ ਸਕਾਲਰ ਆਪਣੇ ਯੂਟਿਊਬ ਚੈਨਲ ਰਾਹੀਂ ਲਗਾਤਾਰ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਦੇ ਆ ਰਹੇ ਹਨ। ਅੱਜ ਉਨ੍ਹਾਂ ਕਿਹਾ ਕਿ ਦੇਸ਼ ਦੇ ਮੁਸਲਮਾਨ ਕਿਸਾਨਾਂ ਦੇ ਅੰਦੋਲਨ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ, ”ਮੁਸਲਿਮ ਭਾਈਚਾਰੇ ਵੱਲੋਂ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਅਤੇ ਤੁਹਾਡਾ ਸਮਰਥਨ ਕਰਦੇ ਹਾਂ। ਤੁਹਾਨੂੰ ਅਪੀਲ ਹੈ ਕਿ ਨਿਰਾਸ਼ ਨਾ ਹੋਵੇ। ਆਪਣੀ ਲੜਾਈ ਜਾਰੀ ਰੱਖੋ।” -ਪੀਟੀਆਈSource link