ਨਗਰ ਕੌਂਸਲ ਚੋਣਾਂ ਦੇ ਨਤੀਜੇ ਅੱਜ


ਦਵਿੰਦਰ ਪਾਲ
ਚੰਡੀਗੜ੍ਹ, 16 ਫਰਵਰੀ

ਪੰਜਾਬ ਰਾਜ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਪਈਆਂ ਵੋਟਾਂ ਦੀ ਗਿਣਤੀ ਭਲਕੇ ਹੋਵੇਗੀ। ਸ਼ਹਿਰੀ ਸੰਸਥਾਵਾਂ ਲਈ ਵੋਟਾਂ 14 ਫਰਵਰੀ ਨੂੰ ਪਈਆਂ ਸਨ। ਚੋਣ ਕਮਿਸ਼ਨ ਨੇ ਪਟਿਆਲਾ ਜ਼ਿਲ੍ਹੇ ਦੇ ਕੁਝ ਬੂਥਾਂ ‘ਤੇ ਅੱਜ ਮੁੜ ਤੋਂ ਵੋਟਾਂ ਪੁਆਈਆਂ ਹਨ ਅਤੇ ਭਲਕੇ ਮੁਹਾਲੀ ਦੇ ਦੋ ਬੂਥਾਂ ‘ਤੇ ਵੀ ਮੁੜ ਤੋਂ ਪੋਲਿੰਗ ਕਰਾਉਣ ਦਾ ਫ਼ੈਸਲਾ ਲਿਆ ਗਿਆ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਐੱਸਏਐੱਸ ਨਗਰ ਨਗਰ (ਮੁਹਾਲੀ) ਨਿਗਮ ਦੇ ਵਾਰਡ ਨਾਲ 10 ਦੇ ਬੂਥ ਨੰਬਰ 32 ਤੇ 33 ‘ਚ 17 ਫਰਵਰੀ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਦੁਬਾਰਾ ਵੋਟਾਂ ਪੈਣਗੀਆਂ ਅਤੇ ਐੱਸਏਐੱਸ ਨਗਰ (ਮੁਹਾਲੀ) ਨਗਰ ਨਿਗਮ ਲਈ ਪਈਆਂ ਵੋਟਾਂ ਦੀ ਗਿਣਤੀ 18 ਫਰਵਰੀ ਨੂੰ ਹੋਵੇਗੀ।

ਚੋਣ ਕਮਿਸ਼ਨ ਨੇ ਕਿਹਾ ਕਿ ਭਲਕੇ ਸਵੇਰੇ 9 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਤੇ ਦੁਪਹਿਰ ਤੱਕ ਨਤੀਜੇ ਆਉਣ ਦੀ ਸੰਭਾਵਨਾ ਹੈ। ਇਨ੍ਹਾਂ ਚੋਣਾਂ ਦੌਰਾਨ ਕੁੱਲ 9222 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ‘ਚ ਬੰਦ ਹੋਈ ਸੀ। ਨਿਗਮਾਂ ਅਤੇ ਕੌਂਸਲਾਂ ਦੇ ਕੁੱਲ 2330 ਵਾਰਡਾਂ ‘ਚ ਵੋਟਾਂ ਪਈਆਂ ਸਨ। ਇਨ੍ਹਾਂ ਸ਼ਹਿਰੀ ਚੋਣਾਂ ਦੌਰਾਨ ਕਾਂਗਰਸ ਨੇ 2037, ਸ਼੍ਰੋਮਣੀ ਅਕਾਲੀ ਦਲ ਨੇ 1569, ਭਾਜਪਾ ਨੇ 1003, ਆਮ ਆਦਮੀ ਪਾਰਟੀ ਨੇ 1006, ਬਹੁਜਨ ਸਮਾਜ ਪਾਰਟੀ ਨੇ 106, ਸੀਪੀਆਈ ਨੇ 2 ਅਤੇ 2832 ਆਜ਼ਾਦ ਉਮੀਦਵਾਰਾਂ ਸਮੇਤ ਹੋਰ ਪਾਰਟੀਆਂ ਨੇ ਵੀ ਕੁਝ ਥਾਵਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਵਰਕਰਾਂ ਨੂੰ ਵਿਧਾਨ ਸਭਾ ਚੋਣਾਂ ਲਈ ਤਿਆਰ ਕਰਨ ਦੇ ਮਕਸਦ ਵਜੋਂ ਵੱਕਾਰ ਦਾ ਸਵਾਲ ਵੀ ਬਣਾਇਆ ਹੋਇਆ ਹੈ। ਪੰਜਾਬ ਦੀਆਂ ਇਨ੍ਹਾਂ ਸ਼ਹਿਰੀ ਸੰਸਥਾਵਾਂ ਦੀ ਮਿਆਦ ਤਾਂ ਲੰਘੇ ਸਾਲ ਹੀ ਖ਼ਤਮ ਹੋ ਗਈ ਸੀ ਪਰ ਸਾਲ 2020 ਦੌਰਾਨ ਕਰੋਨਾ ਮਹਾਮਾਰੀ ਦੇ ਚੱਲਦਿਆਂ ਵੋਟਾਂ ਪਵਾਉਣ ਦਾ ਫ਼ੈਸਲਾ ਨਹੀਂ ਸੀ ਲਿਆ ਗਿਆ।

ਪਾਤੜਾਂ ਤੇ ਸਮਾਣਾ ‘ਚ ਮੁੜ ਪਈਆਂ ਵੋਟਾਂ

ਪਟਿਆਲਾ (ਸਰਬਜੀਤ ਸਿੰਘ ਭੰਗੂ): ਮਸ਼ੀਨਾਂ ਦੀ ਤੋੜਭੰਨ ਕਾਰਨ ਸਮਾਣਾ ਤੇ ਪਾਤੜਾਂ ਦੇ ਤਿੰਨ ਬੂਥਾਂ ‘ਤੇ ਅੱਜ ਮੁੜ ਵੋਟਿੰਗ ਕਰਵਾਈ ਗਈ ਜਿਸ ਦੌਰਾਨ ਪਾਤੜਾਂ ‘ਚ 87 ਫੀਸਦੀ ਤੇ ਸਮਾਣਾ ‘ਚ 57 ਫੀਸਦੀ ਪੋਲਿੰਗ ਹੋਈ। ਇਸ ਦੌਰਾਨ ਸਮਾਣਾ ‘ਚ ਸੱਤਧਾਰੀ ਧਿਰ ਦੇ ਹੀ ਕਾਰਕੁਨਾਂ ਨੇ ਪੁਲੀਸ ‘ਤੇ ਇਕ ਕਾਂਗਰਸੀ ਆਗੂ ਦੀ ਕਥਿਤ ਕੁੱਟਮਾਰ ਕਰਨ ਸਮੇਤ ਪੱਗ ਲਾਹੁਣ ਦੇ ਦੋਸ਼ ਵੀ ਲਾਏ ਹਨ। ਸਮਾਣਾ ਦੇ ਕਾਂਗਰਸੀ ਵਿਧਾਇਕ ਕਾਕਾ ਰਾਜਿੰਦਰ ਸਿੰਘ ਨੇ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ‘ਚ ਲਿਆਉਣ ਦੀ ਗੱੱਲ ਆਖੀ ਤੇ ਕਾਂਗਰਸੀ ਵਰਕਰਾਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਦੂਜੇ ਪਾਸੇ ਪਾਤੜਾਂ ‘ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਸਿੰਗਲਾ ਨੇ ਪੁਲੀਸ ‘ਤੇ ਉਸ ਦੇ ਹਮਾਇਤੀਆਂ ਨੂੰ ਚੁੱਕਣ ਅਤੇ ਡਰਾਉਣ ਦੇ ਰੋਸ ਵਜੋਂ ਚੋਣ ਦਾ ਬਾਈਕਾਟ ਕਰਦਿਆਂ ਚੋਣ ਬੂਥ ਵਿਚ ਪੈਰ ਹੀ ਨਾ ਧਰਿਆ। ਪ੍ਰਾਪਤ ਜਾਣਕਾਰੀ ਅਨੁਸਾਰ 14 ਫਰਵਰੀ ਨੂੰ ਸਮਾਣਾ ਦੇ ਵਾਰਡ ਨੰ. 11 ਦੇ ਦੋ ਬੂਥਾਂ ਦੀਆਂ ਕੁਝ ਨੌਜਵਾਨਾਂ ਨੇ ਵੋਟਿੰਗ ਮਸ਼ੀਨਾਂ ਭੰਨ ਦਿੱਤੀਆਂ ਸਨ। ਸਮਾਣਾ ਦੇ ਰਿਟਰਨਿੰਗ ਅਫਸਰ ਨਮਨ ਮੜਕਣ ਦੀ ਰਿਪੋਰਟ ‘ਤੇ ਸੂਬਾ ਚੋਣ ਕਮਿਸ਼ਨ ਨੇ ਦੋਵਾਂ ਬੂਥਾਂ ਦੀ ਚੋਣ ਰੱਦ ਕਰ ਦਿੱੱਤੀ ਸੀ ਅਤੇ ਅੱਜ ਰਿਟਰਨਿੰਗ ਅਫਸਰ ਨਮਨ ਮੜਕਣ ਦੀ ਨਿਗਰਾਨੀ ਹੇਠਾਂ ਮੁੜ ਚੋਣ ਹੋਈ। ਇਸ ਦੌਰਾਨ ਬੂਥ ਨੰ. 22 ਦੀਆਂ 824 ਵੋਟਾਂ ‘ਚੋਂ 425 ਅਤੇ ਬੂਥ ਨੰ. 23 ਦੀਆਂ 1125 ਵੋਟਾਂ ‘ਚੋਂ 705 ਵੋਟਾਂ ਪੋਲ ਹੋਈਆਂ। ਸਮਾਣਾ ਦੀ ਇਹ ਚੋਣ ਇੱਕ ਸਕੂਲ ‘ਚ ਹੋ ਰਹੀ ਸੀ। ਇਸ ਦੌਰਾਨ ਕਾਂਗਰਸ ਦੇ ਸੂਬਾ ਸਕੱਤਰ ਦਵਿੰਦਰ ਸਿੰਘ ਲਾਲੀ ਅਤੇ ਕੁਝ ਪੁਲੀਸ ਮੁਲਾਜ਼ਮਾਂ ਦੀ ਬੂਥਾਂ ਤੋਂ ਦੂਰ ਸਕੂਲ ਦੇ ਗੇਟ ਕੋਲ ਕਿਸੇ ਗੱਲ ਨੂੰ ਲੈ ਕੇ ਹੱਥੋਪਾਈ ਹੋ ਗਈ। ਪੁਲੀਸ ਵਾਲੇ ਲਾਲੀ ‘ਤੇ ਇੱਕ ਐੱਸਆਈ ਦੀ ਵਰਦੀ ਨੂੰ ਹੱਥ ਪਾਉਣ ਦੇ ਦੋਸ਼ ਲਾ ਰਹੇ ਹਨ, ਉਥੇ ਹੀ ਕਾਂਗਰਸੀ ਧਿਰ ਪੁਲੀਸ ‘ਤੇ ਲਾਲੀ ਦੀ ਪੱਗ ਉਤਾਰਨ ਦੇ ਦੋਸ਼ ਲਾ ਰਹੀ ਸੀ। ਪੱਗ ਉਤਰਨ ਦੀ ਘਟਨਾ ਲਈ ਵਿਧਾਇਕ ਵੱਲੋਂ ਵੀ ਪੁਲੀਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਸ ਘਟਨਾ ਤੋਂ ਭੜਕੇ ਕਾਂਗਰਸੀ ਵਰਕਰਾਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਉੱਧਰ ਪਾਤੜਾਂ ਦੇ ਵਾਰਡ ਨੰ. 8 ਦੇ ਬੂਥ ਨੰ. 11 ‘ਚੋਂ 14 ਫਰਵਰੀ ਨੂੰ ਇੱਕ ਨੌਜਵਾਨ ਈਵੀਐੱਮ ਦਾ ਕੰਟਰੋਲਰ ਲੈ ਕੇ ਭੱੱਜ ਗਿਆ ਸੀ। ਇਸ ਸਬੰਧੀ ਕੇਸ ਦਰਜ ਕਰਕੇ ਪੁਲੀਸ ਨੇ ਰਮੇਸ਼ ਕੁਮਾਰ ਕੁੱਕੂ (ਕੌਮੀ ਪ੍ਰਧਾਨ ਆਲ ਇੰਡੀਆ ਹਿੰਦੂ ਸ਼ਿਵ ਸੈਨਾ) ਤੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਸਚਿਨ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਹ ਇਸ ਵਾਰਡ ਤੋਂ ਆਜ਼ਾਦ ਚੋਣ ਲੜੇ ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਸਿੰਗਲਾ ਦੇ ਸਮਰਥਕ ਹਨ। ਇਸ ਕਰਕੇ ਪ੍ਰਸ਼ੋਤਮ ਸਿੰਗਲਾ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਤੇ ਅੱਜ ਬੂਥ ‘ਤੇ ਹੀ ਨਾ ਪੁੱਜੇ।Source link