ਨਵੀਂ ਦਿੱਲੀ, 17 ਫਰਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਤੇ ‘ਰੇਲ ਰੋਕੋ’ ਦੇ ਸੱਦੇ ਤਹਿਤ ਰੇਲਵੇ ਨੇ ਦੇਸ਼ ਵਿੱਚ ਆਰਪੀਐੱਸਫ਼ ਦੀਆਂ 20 ਕੰਪਨੀਆਂ ਹੋਰ ਤਾਇਨਾਤ ਕਰ ਦਿੱਤੀਆਂ ਹਨ। ਰੇਲਵੇ ਦਾ ਮੁੱਖ ਧਿਆਨ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ‘ਤੇ ਕੇਂਦਰਤ ਰਹੇਗਾ। ਸੰਯੁਕਤ ਕਿਸਾਨ ਮੋਰਚਾ ਨੇ ਖੇਤੀ ਕਾਨੂੰਨ ਰੱਦ ਕਰਨ ਅਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਪਿਛਲੇ ਹਫ਼ਤੇ 18 ਫਰਵਰੀ ਨੂੰ ਚਾਰ ਘੰਟੇ (12 ਵਜੇ ਤੋਂ ਸ਼ਾਮ 4 ਵਜੇ ਤੱਕ) ਰੇਲਾਂ ਰੋਕਣ ਦਾ ਐਲਾਨ ਕੀਤਾ ਸੀ। ਆਰਪੀਐੱਫ (ਰੇਲਵੇ ਸੁਰੱਖਿਆ ਬਲ) ਦੇ ਡੀਜੀ ਅਰੁਣ ਕੁਮਾਰ ਨੇ ਅੱਜ ਦੱਸਿਆ, ”ਮੈਂ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ। ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰਾਂਗੇ ਅਤੇ ਇੱਕ ਥਾਂ ‘ਤੇ ਕੰਟਰੋਲ ਰੂਮ ਹੋਵੇਗਾ। ਸਾਡਾ ਧਿਆਨ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਅਤੇ ਕੁੱਝ ਹੋਰ ਖੇਤਰ ‘ਤੇ ਕੇਂਦਰਤ ਰਹੇਗਾ। ਅਸੀਂ ਇਨ੍ਹਾਂ ਹਿੱਸਿਆਂ ਵਿੱਚ ਆਰਪੀਐੱਫ ਦੇ 20 ਹਜ਼ਾਰ ਦੇ ਲਗਪਗ ਜਵਾਨ ਤਾਇਨਾਤ ਕਰ ਦਿੱਤੇ ਹਨ।” -ਪੀਟੀਆਈ