ਕਾਂਗਰਸ ਦੀ 7 ਨਗਰ ਨਿਗਮਾਂ ’ਤੇ ਜਿੱਤ

ਕਾਂਗਰਸ ਦੀ 7 ਨਗਰ ਨਿਗਮਾਂ ’ਤੇ ਜਿੱਤ


ਮੁੱਖ ਅੰਸ਼

  • ਸ਼ਹਿਰੀ ਸੰਸਥਾਵਾਂ ਵਿੱਚ ਅਕਾਲੀ ਪ੍ਰਮੁੱਖ ਵਿਰੋਧੀ ਧਿਰ ਵਜੋਂ ਉਭਰੇ
  • ਕਈ ਥਾਈਂ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ
  • ਅਕਾਲੀਆਂ ਨੇ 5 ਕੌਂਸਲਾਂ ਜਿੱਤੀਆਂ
  • ਮੁਹਾਲੀ ਨਗਰ ਨਿਗਮ ਦੀਆਂ ਵੋਟਾਂ ਦੀ ਗਿਣਤੀ ਅੱਜ

ਦਵਿੰਦਰ ਪਾਲ

ਚੰਡੀਗੜ੍ਹ, 17 ਫਰਵਰੀ

ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਹੁਕਮਰਾਨ ਧਿਰ ਕਾਂਗਰਸ ਦੀ ਝੰਡੀ ਰਹੀ। ਕਾਂਗਰਸ ਨੇ 7 ਨਗਰ ਨਿਗਮਾਂ ਅਬੋਹਰ, ਬਟਾਲਾ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ ਅਤੇ ਬਠਿੰਡਾ ‘ਤੇ ਕਬਜ਼ਾ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਮੁਹਾਲੀ ਨਗਰ ਨਿਗਮ ਦੇ ਦੋ ਬੂਥਾਂ ‘ਤੇ ਅੱਜ ਮੁੜ ਤੋਂ ਵੋਟਾਂ ਪਵਾਈਆਂ ਜਾਣ ਕਾਰਨ ਵੋਟਾਂ ਦੀ ਗਿਣਤੀ ਇੱਕ ਦਿਨ ਲਈ ਟਾਲ ਦਿੱਤੀ ਗਈ ਸੀ। ਕਾਂਗਰਸ, ਅਕਾਲੀ ਦਲ ਅਤੇ ਬਿਲਡਰ ਕੁਲਵੰਤ ਸਿੰਘ ਲਈ ਵੱਕਾਰ ਦਾ ਸਵਾਲ ਬਣੀ ਮੁਹਾਲੀ ਨਿਗਮ ਦੀਆਂ ਵੋਟਾਂ ਦੀ ਗਿਣਤੀ ਭਲਕੇ ਹੋਵੇਗੀ। ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ 14 ਫਰਵਰੀ ਨੂੰ ਵੋਟਾਂ ਪਈਆਂ ਸਨ। ਅੱਜ ਐਲਾਨੇ ਗਏ ਨਤੀਜਿਆਂ ਮੁਤਾਬਕ 7 ਨਿਗਮਾਂ ‘ਤੇ ਕਾਂਗਰਸ ਪਾਰਟੀ ਦੇ ਮੇਅਰ ਚੁਣੇ ਜਾਣਗੇ। ਇਸੇ ਤਰ੍ਹਾਂ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚੋਂ ਬਹੁ ਗਿਣਤੀ ਪ੍ਰਧਾਨ ਵੀ ਹਾਕਮ ਧਿਰ ਦੇ ਹੀ ਹੋਣਗੇ। ਸ਼੍ਰੋਮਣੀ ਅਕਾਲੀ ਦਲ ਨੇ ਮਜੀਠਾ, ਕਾਦੀਆਂ, ਨਵਾਂਗਾਓਂ, ਸੰਗਤ ਅਤੇ ਅਜਨਾਲਾ ਵਿੱਚ ਜਿੱਤ ਹਾਸਲ ਕੀਤੀ ਹੈ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਸ੍ਰੀ ਹਰਗੋਬਿੰਦਪੁਰ, ਨੂਰਮਹਿਲ, ਖਰੜ ਅਤੇ ਹੋਰ ਕੁਝ ਥਾਵਾਂ ‘ਤੇ ਵੀ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰਾਂ ਦੀ ਗਿਣਤੀ ਕਾਂਗਰਸ ਦੇ ਜਿੱਤੇ ਹੋਏ ਉਮੀਦਵਾਰਾਂ ਨਾਲੋਂ ਵਧੇਰੇ ਹੈ। ਰਿਪੋਰਟਾਂ ਮੁਤਾਬਕ ਰੋਪੜ, ਮਾਨਸਾ ਅਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਨਗਰ ਕੌਂਸਲ ਦੀਆਂ ਸਾਰੀਆਂ ਸੀਟਾਂ ‘ਤੇ ਆਜ਼ਾਦ ਉਮੀਦਵਾਰਾਂ ਨੇ ਸਮੁੱਚੀਆਂ ਸਿਆਸੀ ਧਿਰਾਂ ਨੂੰ ਧੋਬੀ ਪਟਕਾ ਮਾਰ ਦਿੱਤਾ ਹੈ। ਇਹ ਚੋਣਾਂ ਪੰਜਾਬ ਵਿਧਾਨ ਸਭਾ ਦੀਆਂ ਇੱਕ ਸਾਲ ਬਾਅਦ ਹੋਣ ਵਾਲੀਆਂ ਚੋਣਾਂ ‘ਤੇ ਕਿਸ ਤਰ੍ਹਾਂ ਦਾ ਅਸਰ ਪਾਉਣਗੀਆਂ ਇਹ ਤਾਂ ਸਮਾਂ ਦੱਸੇਗਾ ਪਰ ਕਾਂਗਰਸ ਦੇ ਆਗੂ ਤਾਜ਼ਾ ਚੋਣ ਨਤੀਜਿਆਂ ਤੋਂ ਬਾਅਦ ਜੋਸ਼ ਵਿੱਚ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਵੀ ਸ਼ਹਿਰੀ ਖੇਤਰਾਂ ਵਿੱਚ ਪ੍ਰਮੁੱਖ ਵਿਰੋਧੀ ਧਿਰ ਵਜੋਂ ਉਭਰਨ ‘ਤੇ ਤੱਸਲੀ ਦਾ ਪ੍ਰਗਟਾਵਾ ਕੀਤਾ ਹੈ। ਇਹ ਚੋਣਾਂ ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਲਈ ਨਿਰਾਸ਼ਾ ਦਾ ਸਬੱਬ ਬਣੀਆਂ ਦਿਖਾਈ ਦੇ ਰਹੀਆਂ ਹਨ। ਭਾਜਪਾ ਅਤੇ ‘ਆਪ’ ਦੇ ਕੌਂਸਲਰਾਂ ਨੇ ਜਿੱਤ ਤਾਂ ਹਾਸਲ ਕੀਤੀ ਪਰ ਕਿਸੇ ਵੀ ਸੰਸਥਾ ‘ਤੇ ਪ੍ਰਧਾਨਗੀ ਨੂੰ ਹੱਥ ਨਹੀਂ ਪਾ ਸਕੀਆਂ। ਬਹੁਜਨ ਸਮਾਜ ਪਾਰਟੀ ਨੇ ਵੀ ਇਨ੍ਹਾਂ ਚੋਣਾਂ ‘ਚ ਖਾਸ ਪ੍ਰਭਾਵ ਨਹੀਂ ਛੱਡਿਆ।

ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਵਿੱਚ ਚੋਣ ਨਤੀਜਿਆਂ ਨੂੰ ਲੈ ਕੇ ਚੋਣ ਕਮਿਸ਼ਨ ਤੱਕ ਸ਼ਿਕਾਇਤਾਂ ਪਹੁੰਚੀਆਂ ਸਨ। ਇਸ ਕਸਬੇ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਕਮਿਸ਼ਨ ਨੇ ਸਮੁੱਚੇ ਮਾਮਲੇ ‘ਤੇ ਰਿਪੋਰਟ ਮੰਗੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਨਤੀਜਿਆਂ ਮੁਤਾਬਕ 7 ਨਗਰ ਨਿਗਮਾਂ ਅਤੇ ਅੰਮ੍ਰਿਤਸਰ ਨਗਰ ਨਿਗਮ ਦੇ ਇਕ ਵਾਰਡ ਦੀ ਜ਼ਿਮਨੀ ਚੋਣ ਸਣੇ ਕੁੱਲ 351 ਵਾਰਡਾਂ ਵਿੱਚੋਂ ਕਾਂਗਰਸ ਨੇ 271 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ। ਇਨ੍ਹਾਂ ਸੰਸਥਾਵਾਂ ‘ਚ ਸ਼੍ਰੋਮਣੀ ਅਕਾਲੀ ਦਲ ਨੇ 33 ਵਾਰਡਾਂ, ਆਮ ਆਦਮੀ ਪਾਰਟੀ (ਆਪ) ਨੇ 9, ਭਾਰਤੀ ਜਨਤਾ ਪਾਰਟੀ ਨੇ 20 ਅਤੇ 8 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਪੰਜਾਬ ਦੀਆਂ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚੋਂ ਕਾਂਗਰਸ ਦੇ 1078, ਸ਼੍ਰੋਮਣੀ ਅਕਾਲੀ ਦਲ ਦੇ 251, ਆਮ ਆਦਮੀ ਪਾਰਟੀ ਦੇ 50, ਭਾਜਪਾ ਦੇ 29, ਬਸਪਾ ਦੇ 5 ਅਤੇ 375 ਆਜ਼ਾਦ ਉਮੀਦਵਾਰਾਂ ਨੂੰ ਜਿੱਤ ਮਿਲੀ ਹੈ। ਪੰਜਾਬ ਦੀਆਂ ਇਨ੍ਹਾਂ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਸਾਲ 2020 ਵਿੱਚ ਹੋਣੀਆਂ ਸਨ ਪਰ ਕਰੋਨਾ ਦੀ ਦਹਿਸ਼ਤ ਕਾਰਨ ਸਰਕਾਰ ਨੇ ਇਹ ਚੋਣਾਂ ਦੇਰੀ ਨਾਲ ਕਰਵਾਈਆਂ। ਪੰਜਾਬ ਵਿੱਚ 1997 ਤੋਂ ਲੈ ਕੇ 2019 ਤੱਕ ਹੋਈਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਰਲ ਕੇ ਚੋਣਾਂ ਲੜੀਆਂ ਸਨ। ਤਕਰੀਬਨ ਢਾਈ ਦਹਾਕਿਆਂ ਬਾਅਦ ਇਨ੍ਹਾਂ ਦੋਵਾਂ ਪਾਰਟੀਆਂ ਨੇ ਐਤਕੀਂ ਆਪੋ ਆਪਣੇ ਦਮ ‘ਤੇ ਚੋਣਾਂ ਲੜੀਆਂ ਸਨ। ਪੰਜਾਬ ਤੋਂ ਉੱਠੇ ਕਿਸਾਨੀ ਅੰਦੋਲਨ ਦਾ ਇਨ੍ਹਾਂ ਚੋਣਾਂ ‘ਤੇ ਸਪੱਸ਼ਟ ਪਰਛਾਵਾਂ ਦੇਖਿਆ ਜਾ ਸਕਦਾ ਹੈ। ਭਾਜਪਾ ਨੂੰ ਇਨ੍ਹਾਂ ਚੋਣਾਂ ਦੌਰਾਨ ਉਮੀਦਵਾਰ ਖੜ੍ਹੇ ਕਰਨੇ ਔਖੇ ਗਏ ਸਨ ਅਤੇ ਚੋਣ ਪ੍ਰਚਾਰ ਸਮੇਂ ਵੀ ਲੋਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ‘ਆਪ’ ਨੇ ਪਹਿਲੀ ਵਾਰੀ ਸ਼ਹਿਰੀ ਖੇਤਰ ਦੀਆਂ ਇਨ੍ਹਾਂ ਚੋਣਾਂ ‘ਚ ਉਮੀਦਵਾਰ ਖੜ੍ਹੇ ਕੀਤੇ ਸਨ ਅਤੇ ਉਹ ਵੀ ਕੋਈ ਖਾਸ ਪ੍ਰਭਾਵ ਛੱਡਣ ‘ਚ ਕਾਮਯਾਬ ਨਹੀਂ ਹੋ ਸਕੀ।

ਬਠਿੰਡਾ ‘ਚ ਕਾਂਗਰਸ ਨੇ ਹਰਸਿਮਰਤ ਨੂੰ ਦਿੱਤਾ ਝਟਕਾ

ਸ਼੍ਰੋਮਣੀ ਅਕਾਲੀ ਦਲ ਨੂੰ ਬਠਿੰਡਾ ‘ਚ ਝਟਕਾ ਲੱਗਾ ਹੈ। ਹਰਸਿਮਰਤ ਕੌਰ ਬਾਦਲ ਦੇ ਹਲਕੇ ਬਠਿੰਡਾ ਦੇ ਨਗਰ ਨਿਗਮ ‘ਚ ਕਾਂਗਰਸ ਨੂੰ 43 ਵਾਰਡਾਂ ‘ਚ ਜਿੱਤ ਮਿਲੀ ਹੈ। ਸ਼੍ਰੋਮਣੀ ਅਕਾਲੀ ਦਲ ਮਹਿਜ਼ 7 ਵਾਰਡ ਜਿੱਤਣ ‘ਚ ਕਾਮਯਾਬ ਰਿਹਾ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਠਿੰਡਾ ‘ਚ ਹੁਣ 53 ਸਾਲਾਂ ਮਗਰੋਂ ਕਾਂਗਰਸ ਦਾ ਮੇਅਰ ਬਣੇਗਾ। -ਪੀਟੀਆਈ

ਕੀ ਅਜੇ ਵੀ ਖੇਤੀ ਕਾਨੂੰਨ ਪਸੰਦ ਨੇ?: ਚਿਦੰਬਰਮ

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਪੰਜਾਬ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਦੀ ਜਿੱਤ ਮਗਰੋਂ ਕੇਂਦਰ ਨੂੰ ਸਵਾਲ ਕੀਤਾ ਹੈ ਕਿ, ‘ਕੀ ਮੋਦੀ ਸਰਕਾਰ ਨੂੰ ਹਾਲੇ ਵੀ ਲੱਗਦਾ ਹੈ ਖੇਤੀ ਕਾਨੂੰਨ ਆਮ ਲੋਕਾਂ ‘ਚ ਮਕਬੂਲ ਹਨ।’ -ਪੀਟੀਆਈ

ਵਿਰੋਧੀ ਧਿਰਾਂ ਦੀ ਸੌੜੀ ਸਿਆਸਤ ਖ਼ਿਲਾਫ਼ ਫ਼ਤਵਾ: ਕੈਪਟਨ

ਚੰਡੀਗੜ੍ਹ (ਚਰਨਜੀਤ ਭੁੱਲਰ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਉਂਸਿਪਲ ਚੋਣਾਂ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਲਈ ਸਰਕਾਰ ਦੀਆਂ ਵਿਕਾਸ ਮੁਖੀ ਨੀਤੀਆਂ ਨੂੰ ਸਿਹਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਨਤੀਜੇ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ, ਆਪ ਅਤੇ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਫ਼ਤਵਾ ਵੀ ਹਨ। ਕੈਪਟਨ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਅਮਲ ਵਿੱਚ ਲਿਆਂਦੇ ਜਾਣ ਤੋਂ ਬਾਅਦ ਇਹ ਪਹਿਲੀਆਂ ਵੱਡੀਆਂ ਚੋਣਾਂ ਸਨ ਜਿਨ੍ਹਾਂ ਨੇ ਲੋਕਾਂ ਵਿੱਚ ਭਾਜਪਾ ਖਿਲਾਫ਼ ਪਾਏ ਜਾ ਰਹੇ ਗੁੱਸੇ ਨੂੰ ਸਾਹਮਣੇ ਲਿਆਂਦਾ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਨੇ ਪੰਜਾਬ ਨੂੰ ਤਬਾਹ ਕਰਨ ਦੇ ਸਪੱਸ਼ਟ ਮਨਸੂਬੇ ਨਾਲ ਕਿਸਾਨਾਂ ਦੇ ਹੱਕਾਂ ਨੂੰ ਆਪਣੇ ਪੈਰਾਂ ਹੇਠਾਂ ਦਰੜਿਆ। ਉਨ੍ਹਾਂ ਕਿਹਾ ਕਿ ਇਸ ਮੁੱਦੇ ਉਤੇ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਵੱਲੋਂ ਕੀਤੀ ਗਈ ਡਰਾਮੇਬਾਜ਼ੀ ਨੂੰ ਲੋਕਾਂ ਨੇ ਠੋਕਵਾਂ ਜਵਾਬ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਮੁਕਾਬਲੇ ਅਕਾਲੀ ਦਲ, ਆਪ ਅਤੇ ਭਾਜਪਾ ਨੇੜੇ-ਤੇੜੇ ਵੀ ਨਹੀਂ ਢੁੱਕ ਸਕੀਆਂ ਅਤੇ ਕਈ ਵਾਰਡਾਂ ਵਿੱਚ ਉਹ ਆਜ਼ਾਦ ਉਮੀਦਵਾਰਾਂ ਤੋਂ ਵੀ ਪਿੱਛੇ ਰਹਿ ਗਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰੀ ਖੇਤਰਾਂ ਦੇ ਵੋਟਰਾਂ ਨੇ ਸੁਚੱਜੇ ਪ੍ਰਸ਼ਾਸਨ ਅਤੇ ਤਰੱਕੀ ਦੇ ਹੱਕ ਵਿੱਚ ਫੈਸਲਾ ਦਿੰਦੇ ਹੋਏ ਸਪੱਸ਼ਟ ਰੂਪ ਵਿੱਚ ਇਨ੍ਹਾਂ ਪਾਰਟੀਆਂ ਦੀ ਸੌੜੀ ਸਿਆਸੀ ਸੋਚ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੂੰ ਪੰਜਾਬ ਦੇ ਮਸਲਿਆਂ ਤੋਂ ਦੂਰ ਰਹਿਣ ਦਾ ਇਹ ਇਕ ਸਾਫ਼ ਤੇ ਸਪੱਸ਼ਟ ਸੁਨੇਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਇਨ੍ਹਾਂ ਨਤੀਜਿਆਂ ਨਾਲ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੈਦਾ ਹੋਣ ਵਾਲੀ ਸਥਿਤੀ ਦੀ ਝਲਕ ਵੇਖਣ ਨੂੰ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਆਉਂਦੇ ਮਹੀਨਿਆਂ ਦੌਰਾਨ ਇਹ ਤਿੰਨੋਂ ਪਾਰਟੀਆਂ ਦੇਸ਼ ਦੇ ਸਿਆਸੀ ਨਕਸ਼ੇ ਅਤੇ ਪੰਜਾਬ ਦੀ ਸਿਆਸਤ ਵਿੱਚੋਂ ਮਨਫ਼ੀ ਹੋ ਜਾਣਗੀਆਂ।

ਕਾਂਗਰਸ ਦੀ ਵਿਧਾਨ ਸਭਾ ਚੋਣਾਂ ‘ਚ ਹਾਰ ਤੈਅ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਨੂੰ ਧੰਨਵਾਦ ਦਿੰਦਿਆਂ ਕਿਹਾ ਕਿ ਉਹ ਭ੍ਰਿਸ਼ਟ ਅਤੇ ਅਯੋਗ ਕਾਂਗਰਸ ਸਰਕਾਰ ਨੂੰ ਚੁਣੌਤੀ ਦੇਣ ਵਾਲੇ ਇਕਲੌਤੇ ਵਰਕਰ ਬਣ ਕੇ ਉੱਭਰੇ ਹਨ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਦੀਵਾਰ ‘ਤੇ ਇਬਾਰਤ ਸਪੱਸ਼ਟ ਹੈ ਕਿ 2022 ਦੀਆਂ ਚੋਣਾਂ ਕਾਂਗਰਸ ਹਾਰੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਨੇ ਜਬਰ, ਸਰਕਾਰੀ ਮਸ਼ੀਨਰੀ ਅਤੇ ਪੈਸਿਆਂ ਦੀਆਂ ਥੈਲੀਆਂ ਦੇ ਜ਼ੋਰ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਪਾਰਟੀ ਇਕ ਤਾਕਤ ਵਜੋਂ ਉੱਭਰ ਕੇ ਸਾਹਮਣੇ ਆਈ ਹੈ। -ਪੀਟੀਆਈ

ਚੀਮਾ ਨੇ ‘ਆਪ’ ਦਾ ਸ਼ਹਿਰਾਂ ‘ਚ ਆਧਾਰ ਵਧਣ ਦਾ ਦਾਅਵਾ ਕੀਤਾ

ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪਾਰਟੀ ਨੇ ਪਹਿਲੀ ਦਫ਼ਾ ਸਥਾਨਕ ਚੋਣਾਂ ਲੜੀਆਂ ਸਨ ਅਤੇ ‘ਆਪ’ ਦੇ ਉਮੀਦਵਾਰਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨਤੀਜਿਆਂ ਤੋਂ ਸਪੱਸ਼ਟ ਹੈ ਕਿ ‘ਆਪ’ ਦਾ ਸ਼ਹਿਰੀ ਇਲਾਕਿਆਂ ‘ਚ ਆਧਾਰ ਅਤੇ ਵੋਟ ਸ਼ੇਅਰ ਵਧਿਆ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਸ਼ਹਿਰੀ ਹਲਕਿਆਂ ‘ਚ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਜੇਤੂ ਕੌਂਸਲਰ ਆਪਣੇ ਵਾਰਡਾਂ ‘ਚ ਸੇਵਾਦਾਰ ਵਜੋਂ ਸੇਵਾਵਾਂ ਨਿਭਾਉਣਗੇ। -ਪੀਟੀਆਈ



Source link