ਪਹਿਲਾਂ ਅਭਿਸ਼ੇਕ ਨਾਲ ਲੜੋ, ਫਿਰ ਮੇਰੇ ਨਾਲ: ਮਮਤਾ


ਪਾਇਲਨ (ਪੱਛਮੀ ਬੰਗਾਲ): ਕੇਂਦਰੀ ਗ੍ਰਹਿ ਮੰਤਰੀ ਦੇ ‘ਦੀਦੀ-ਭਤੀਜਾ’ ਬਾਰੇ ਵਿਅੰਗ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਚੁਣੌਤੀ ਦਿੱਤੀ ਕਿ ਅਮਿਤ ਸ਼ਾਹ ਪਹਿਲਾਂ ਉਨ੍ਹਾਂ ਦੇ ਭਤੀਜੇ ਅਭਿਸ਼ੇਕ ਬੈਨਰਜੀ ਖ਼ਿਲਾਫ਼ ਚੋਣ ਲੜ ਕੇ ਦਿਖਾਉਣ ਅਤੇ ਫਿਰ ਉਨ੍ਹਾਂ (ਮਮਤਾ) ਖ਼ਿਲਾਫ਼ ਲੜਨ ਬਾਰੇ ਸੋਚਣ। ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਪਾਇਲਾਨ ‘ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਅਭਿਸ਼ੇਕ ਜੇਕਰ ਚਾਹੁੰਦੇ ਤਾਂ ਉਹ ਰਾਜ ਸਭਾ ਮੈਂਬਰ ਬਣ ਕੇ ਸੰਸਦ ਮੈਂਬਰ ਬਣਨ ਦਾ ਸੌਖਾ ਰਾਹ ਚੁਣ ਸਕਦੇ ਸੀ ਪਰ ਉਨ੍ਹਾਂ ਲੋਕ ਸਭਾ ਚੋਣ ਲੜੀ ਤੇ ਲੋਕ ਫਤਵਾ ਹਾਸਲ ਕੀਤਾ। ਬੈਨਰਜੀ ਨੇ ਕਿਹਾ, ‘ਉਹ ਦਿਨ ਰਾਤ ਦੀਦੀ ਭਜੀਤੇ ਬਾਰੇ ਗੱਲ ਕਰ ਰਹੇ ਹਨ। ਮੈਂ ਅਮਿਤ ਸ਼ਾਹ ਨੂੰ ਚੁਣੌਤੀ ਦਿੰਦੀ ਹਾਂ ਕਿ ਉਹ ਪਹਿਲਾਂ ਅਭਿਸ਼ੇਕ ਬੈਨਰਜੀ ਖ਼ਿਲਾਫ਼ ਚੋਣ ਲੜਨ ਅਤੇ ਫਿਰ ਮੇਰੇ ਖ਼ਿਲਾਫ਼।’ ਸ਼ਾਹ ਸਮੇਤ ਭਾਜਪਾ ਆਗੂ ਮਮਤਾ ਬੈਨਰਜੀ ‘ਤੇ ਅਕਸਰ ਪਰਿਵਾਰਵਾਦ ਦੀ ਸਿਆਸਤ ਕਰਨ ਦਾ ਦੋਸ਼ ਲਗਾਉਂਦੇ ਰਹੇ ਹਨ ਅਤੇ ਕਹਿੰਦੇ ਰਹੇ ਹਨ ਕਿ ਭਤੀਜੇ ਨੂੰ ਵਿਸ਼ੇਸ਼ ਤਰਜੀਹ ਮਿਲਦੀ ਹੈ ਤੇ ਅਖੀਰ ਉਸ ਨੂੰ ਸੂਬੇ ਦਾ ਮੁੱਖ ਮੰਤਰੀ ਬਣਾ ਦਿੱਤਾ ਜਾਵੇਗਾ। ਉਨ੍ਹਾਂ ਸ਼ਾਹ ‘ਤੇ ਸਿੱਧਾ ਹਮਲਾ ਬੋਲਦਿਆਂ ਕਿਹਾ, ‘ਤੁਹਾਡਾ ਪੁੱਤਰ ਕ੍ਰਿਕਟ ਪ੍ਰਸ਼ਾਸਨ ਦਾ ਹਿੱਸਾ ਕਿਵੇਂ ਬਣਿਆ ਅਤੇ ਕਰੋੜਾਂ ਰੁਪਏ ਕਿਵੇਂ ਕਮਾਏ?’ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਸੂਬੇ ‘ਚ ਪਿਛਲੀਆਂ ਸਾਰੀਆਂ ਚੋਣਾਂ ਦੇ ਰਿਕਾਰਡ ਤੋੜੇਗੀ ਅਤੇ ਵਧੇਰੇ ਵੋਟਾਂ ਹਾਸਲ ਕਰਕੇ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਸਭ ਤੋਂ ਵੱਧ ਸੀਟਾਂ ਜਿੱਤੇਗੀ।
-ਪੀਟੀਆਈSource link