ਭਗਵਾਨ ਦਾਸ ਸੰਦਲ
ਦਸੂਹਾ, 20 ਫਰਵਰੀ
ਇਥੋਂ ਨੇੜਲੇ ਪਿੰਡ ਮਹੱਦੀਪੁਰ ਵਿਖੇ ਲੰਘੀ ਰਾਤ ਖੇਤੀ ਕਾਨੂੰਨਾਂ ਤੇ ਕਰਜ਼ੇ ਤੋਂ ਪ੍ਰੇਸ਼ਾਨ ਪਿਉ-ਪੁੱਤ ਨੇ ਸਲਫਾਸ਼ ਦੀਆਂ ਗੋਲੀਆਂ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾਂ ਦੀ ਪਛਾਣ ਜਗਤਾਰ ਸਿੰਘ ਪੁੱਤਰ ਗੁਰਦਿਆਲ ਸਿੰਘ (70) ਤੇ ਉਸ ਦੇ ਪੁੱਤਰ ਕਿਰਪਾਲ ਸਿੰਘ (43) ਵਜੋਂ ਹੋਈ ਹੈ। ਦੋਵਾਂ ਨੇ ਕਰੀਬ ਅੱਧੀ ਰਾਤ ਵੇਲੇ ਸਲਫਾਸ਼ ਦੀਆਂ ਗੋਲੀਆਂ ਖਾਧੀਆਂ ਤੇ ਸਵੇਰੇ ਉਹ ਆਪਣੇ ਬਿਸਰਿਆਂ ‘ਤੇ ਮ੍ਰਿਤਕ ਮਿਲੇ। ਡੀਐੱਸਪੀ ਦਸੂਹਾ ਮੁਨੀਸ਼ ਸ਼ਰਮਾ ਦੀ ਅਗਵਾਈ ਹੇਠ ਥਾਣਾ ਮੁਖੀ ਮਲਕੀਅਤ ਸਿੰਘ ਸਮੇਤ ਪੁਲੀਸ ਨੇ ਮੌਕੇ ਦਾ ਜਾਇਜ਼ਾ ਲਿਆ, ਜਿਸ ਦੌਰਾਨ ਪੁਲੀਸ ਨੇ ਲਾਸ਼ਾਂ ਕੋਲੋਂ ਖੁਦਕੁਸ਼ੀ ਨੋਟ ਬਰਾਮਦ ਕੀਤਾ ਹੈ। ਇਸ ਵਿੱਚ ਉਨ੍ਹਾਂ ਨੇ ਆਪਣੀ ਮੌਤ ਲਈ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ 3 ਨਵੇਂ ਖੇਤੀ ਕਾਨੂੰਨਾਂ ਅਤੇ ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫੀ ਸਕੀਮ ਤਹਿਤ ਕਰਜ਼ਾ ਮੁਆਫ ਨਾ ਕਰਨ ਨੂੰ ਜ਼ਿੰਮੇਦਾਰ ਠਹਿਰਾਇਆ। ਉਨ੍ਹਾਂ ਨੇ ਪੰਜਾਬ ਐਂਡ ਸਿੰਧ ਬੈਂਕ ਬੋਦਲ ਤੋਂ 4 ਲੱਖ ਅਤੇ ਕੋਆਪਰੇਟਿਵ ਸੁਾਇਟੀ ਉਸਮਾਨ ਸ਼ਹੀਦ ਤੋਂ 3 ਲੱਖ ਰੁਪਏ ਕਰਜ਼ਾ ਲਿਆ ਸੀ। ਡੀਐੱਸਪੀ ਮੁਨੀਸ਼ ਸ਼ਰਮਾ ਨੇ ਦੱਸਿਆ ਕਿ 174 ਦੀ ਕਾਰਵਾਈ ਕੀਤੀ ਗਈ ਹੈ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦਸੂਹਾ ਭੇਜ ਦਿੱਤਾ ਗਿਆ ਹੈ।