ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਮਾਰਚ
ਬਜਟ ਇਜਲਾਸ ਦੇ ਤੀਜੇ ਦਿਨ ਪ੍ਰਸ਼ਨ ਕਾਲ ਦੌਰਾਨ ਪੰਜਾਬ ਸਰਕਾਰ ਘਿਰਦੀ ਨਜ਼ਰ ਆਈ। ‘ਆਪ’ ਵਿਧਾਇਕ ਅਮਨ ਅਰੋੜਾ ਵੱਲੋਂ ਪਖਾਨਿਆਂ ਦੀ ਉਸਾਰੀ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿਚ ਸਰਕਾਰ ਔਖ ਨਾਲ ਬਚਾਓ ਦੀ ਮੋਰੀ ਵਿੱਚੋਂ ਨਿਕਲ ਸਕੀ। ਮੰਤਰੀ ਰਜ਼ੀਆ ਸੁਲਤਾਨਾ ਨੇ ਹਾਊਸ ‘ਚ ਕਿਹਾ ਕਿ ਪੰਜਾਬ ਦੇ ਸਾਰੇ ਪਿੰਡ ਖੁੱਲ੍ਹੇ ਵਿਚ ਸ਼ੌਚ ਜਾਣ ਤੋਂ ਮੁਕਤ ਹਨ। ਅਮਨ ਅਰੋੜਾ ਨੇ ਆਪਣੇ ਹਲਕੇ ਦੇ ਪਿੰਡ ਝਾੜੋ ਦਾ ਮਸਲਾ ਰੱਖ ਦਿੱਤਾ। ਉਨ੍ਹਾਂ ਅੰਕੜਿਆਂ ਵਿਚ ਮੰਤਰੀ ਨੂੰ ਉਲਝਾ ਲਿਆ ਅਤੇ ਹਕੀਕਤ ਵੱਖਰੀ ਹੋਣ ਦੀ ਗੱਲ ਰੱਖੀ।
‘ਆਪ’ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਕਮੇਟੀ ਬਣਾਈ ਜਾਵੇ। ਹਾਕਮ ਧਿਰ ਦੇ ਵਿਧਾਇਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਵਿਧਾਇਕ ਰਾਜਿੰਦਰ ਬੇਰੀ ਦੇ ਸੁਆਲ ‘ਤੇ ਮੰਤਰੀ ਬ੍ਰਹਮ ਮਹਿੰਦਰਾ ਨੇ ਜਵਾਬ ਦਿੱਤਾ ਕਿ ‘ਪੋਰਟਲ ਈ ਨਕਸ਼ਾ’ ਜ਼ਰੀਏ ਸਾਰੇ ਨਕਸ਼ੇ ਪਾਸ ਕੀਤੇ ਜਾਂਦੇ ਹਨ। ਸਪਲੀਮੈਂਟਰੀ ਸਵਾਲ ਵਿਚ ਵਿਧਾਇਕ ਐੱਨਕੇ ਸ਼ਰਮਾ ਨੇ ਕਿਹਾ ਕਿ ਜ਼ੀਰਕਪੁਰ ਵਿਚ ਇੱਕ ਇਮਾਰਤ ਡਿੱਗੀ ਜਿਸ ਦੇ ਮਾਲਕ ‘ਤੇ ਮੰਤਰੀ ਨੇ ਕੇਸ ਦਰਜ ਕਰਾਇਆ ਅਤੇ ਦੂਜਾ ਹਾਕਮ ਧਿਰ ਦਾ ਆਗੂ ਹਾਰ ਪਾ ਆਇਆ। ਉਨ੍ਹਾਂ ਕਿਹਾ ਕਿ ਨਕਸ਼ੇ ਪੈਸੇ ਲੈ ਕੇ ਪਾਸ ਕੀਤੇ ਜਾ ਰਹੇ ਹਨ। ਵਿਧਾਇਕ ਕੰਵਰ ਸੰਧੂ ਦੇ ਸਵਾਲ ਦੇ ਜਵਾਬ ਵਿਚ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਖਾਨਪੁਰ ਨੇੜਲੇ ਟੌਲ ਪਲਾਜ਼ਾ ਦੇ 20 ਕਿਲੋਮੀਟਰ ਦੇ ਘੇਰੇ ‘ਚ ਰਹਿੰਦੇ ਵਸਨੀਕਾਂ ਨੂੰ ਨਿੱਜੀ ਵਾਹਨਾਂ ‘ਤੇ ਟੌਲ ਟੈਕਸ ਵਿਚ ਰਿਆਇਤ ਦੇਣ ਲਈ 275 ਰੁਪਏ ‘ਚ ਮਹੀਨਾਵਾਰ ਪਾਸ ਦੀ ਵਿਵਸਥਾ ਹੈ।
ਸੰਧੂ ਨੇ ਪੰਜ ਕਿਲੋਮੀਟਰ ਦੇ ਘੇਰੇ ਵਾਲੇ ਵਾਸੀਆਂ ਨੂੰ ਟੌਲ ਤੋਂ ਛੋਟ ਦੇਣ ਦੀ ਮੰਗ ਰੱਖੀ। ਭਾਜਪਾ ਵਿਧਾਇਕ ਅਰੁਣ ਨਾਰੰਗ ਨੇ ਮਿਡ-ਡੇਅ ਮੀਲ ਵਰਕਰਾਂ ਦਾ ਸਵਾਲ ਉਠਾਇਆ ਜਿਸ ਦੇ ਜਵਾਬ ‘ਚ ਮੰਤਰੀ ਨੇ ਕਿਹਾ ਕਿ ਕੁੱਕ ਵਰਕਰਾਂ ਦਾ ਮਿਹਨਤਾਨਾ 1700 ਰੁਪਏ ਤੋਂ ਵਧਾ ਕੇ ਤਿੰਨ ਹਜ਼ਾਰ ਰੁਪਏ ਕਰਨ ਦਾ ਮਾਮਲਾ ਵਿੱਤ ਵਿਭਾਗ ਨਾਲ ਵਿਚਾਰਿਆ ਜਾ ਰਿਹਾ ਹੈ। ਇਸੇ ਤਰ੍ਹਾਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਓਂ ਹਲਕੇ ਵਿਚ ਲੱਗੀਆਂ ਸਨਅਤਾਂ ਦੇ ਵੇਰਵੇ ਮੰਗ ਕੇ ਸਰਕਾਰ ਨੂੰ ਫਸਾਇਆ। ਮਾਣੂੰਕੇ ਨੇ ਕਿਹਾ ਕਿ ਵੱਡੇ ਉਦਯੋਗ ਤਾਂ ਬੰਦ ਹੋ ਗਏ ਹਨ, ਨਵੇਂ ਉਦਯੋਗ ਕਿੱਥੇ ਹਨ। ਹਰਪਾਲ ਚੀਮਾ ਨੇ ਮੁਹਾਲੀ ਦੀ ਅਰਧ ਸਰਕਾਰੀ ਕੰਪਨੀ ਵੱਲੋਂ 31 ਏਕੜ ਜ਼ਮੀਨ 90 ਕਰੋੜ ਵਿਚ ਵੇਚੇ ਜਾਣ ਦੇ ਸਕੈਂਡਲ ਦੀ ਜਾਂਚ ਮੰਗੀ। ਮੰਤਰੀ ਨੇ ਕਿਹਾ ਕਿ ਇਹ ਮਾਮਲਾ ਅਦਾਲਤ ਵਿਚ ਹੈ। ਵਿਧਾਇਕ ਅਵਤਾਰ ਸਿੰਘ ਜੂਨੀਅਰ ਦੇ ਸਵਾਲ ਦੇ ਜਵਾਬ ਵਿਚ ਜੰਗਲਾਤ ਮੰਤਰੀ ਨੇ ਦੱਸਿਆ ਕਿ ਸਾਲ 2019-20 ਦੌਰਾਨ 11.98 ਲੱਖ ਪੌਦੇ ਵਣ ਵਿਭਾਗ ਵੱਲੋਂ ਮੁਹੱਈਆ ਕਰਾਏ ਗਏ ਹਨ।
ਵਿਧਾਇਕਾਂ ਦੀ ਗ਼ੈਰਹਾਜ਼ਰੀ ਤੋਂ ਮੰਤਰੀ ਔਖੇ
ਪ੍ਰਸ਼ਨ ਕਾਲ ਵਿਚ ਵਿਧਾਇਕਾਂ ਦੀ ਗੈਰਹਾਜ਼ਰੀ ਤੋਂ ਅੱਜ ਮੰਤਰੀ ਖਫ਼ੇ ਰਹੇ। ਸਿਹਤ ਵਿਭਾਗ ਤੋਂ ਸੁਆਲ ਪੁੱਛਣ ਵਾਲੇ ਰਾਕੇਸ਼ ਪਾਂਡੇ ਅੱਜ ਪ੍ਰਸ਼ਨ ਕਾਲ ਦੌਰਾਨ ਗੈਰਹਾਜ਼ਰ ਸਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਦਨ ‘ਚ ਕਿਹਾ ਕਿ ਉਹ ਪੂਰੀ ਰਾਤ ਸਵਾਲ ਦਾ ਜਵਾਬ ਦੇਣ ਦੀ ਤਿਆਰੀ ਕਰਦੇ ਰਹੇ ਪ੍ਰੰਤੂ ਵਿਧਾਇਕ ਸੰਜੀਦਗੀ ਨਾਲ ਨਹੀਂ ਲੈਂਦੇ। ਇਵੇਂ ਜਦੋਂ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਗੈਰਹਾਜ਼ਰ ਸਨ ਤਾਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਜਵਾਬ ਦੀ ਤਿਆਰੀ ਕਰਦੇ ਰਹਿੰਦੇ ਹਨ ਤੇ ਵਿਧਾਇਕ ਆਉਂਦੇ ਨਹੀਂ।
ਬਜਟ ਚੁਸਕੀਆਂ !
bull; ਅਮਨ ਅਰੋੜਾ ਨੇ ਸਦਨ ‘ਚ ਸਰਕਾਰ ਦੇ ਕੋਵਿਡ ਦੇ ਬਿਹਤਰ ਪ੍ਰਬੰਧਾਂ ਦੀ ਮਿਸਾਲ ਵਜੋਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਕੀਤੀ, ਜਿਨ੍ਹਾਂ ਦਾ ਕੋਵਿਡ ਟੈਸਟ ਸਰਕਾਰੀ ਹਸਪਤਾਲ ਨੇ ਪਾਜ਼ੇਟਿਵ ਦੱਸਿਆ ਅਤੇ ਪ੍ਰਾਈਵੇਟ ਲੈਬ ਤੇ ਪੀਜੀਆਈ ਨੇ ਨੈਗੇਟਿਵ।
bull; ਨਵਜੋਤ ਸਿੱਧੂ ਅੱਜ ਕਾਫੀ ਖੁਸ਼ ਦਿਖੇ ਅਤੇ ਵਾਕਆਊਟ ਕਰਨ ਵਾਲੇ ‘ਆਪ’ ਵਿਧਾਇਕਾਂ ਨਾਲ ਦੁਆ ਸਲਾਮ ਵੀ ਕੀਤੀ। ਹਾਲੇ ਬੀਤੇ ਦਿਨ ਹੀ ਸਿੱਧੂ ਨੇ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ‘ਤੇ ਟੇਢੇ ਢੰਗ ਨਾਲ ਰਗੜੇ ਲਾਏ ਸਨ।
bull; ਵਿਧਾਇਕ ਜਗਤਾਰ ਸਿੰਘ ਨੇ ਤਨਜ਼ ਕਸਦਿਆਂ ਕਿਹਾ ”ਉਨ੍ਹਾਂ ਦੇ ਪਿੰਡ ਵਾਲੀ ਸੜਕ ਬਿਲਕੁਲ ਟੁੱਟ ਗਈ ਹੈ, ਸਰਕਾਰ ਇਜਾਜ਼ਤ ਦੇਵੇ ਤਾਂ ਪਿੰਡ ਵਾਲੇ ਟੌਲ ਲਾ ਕੇ ਸੜਕ ਦੀ ਮੁਰੰਮਤ ਕਰਾ ਲੈਣ।”
bull; ਕੋਵਿਡ ਪ੍ਰਬੰਧਾਂ ਨੂੰ ਲੈ ਕੇ ਜਦੋਂ ਕੁਲਤਾਰ ਸੰਧਵਾਂ ਬੋਲਣੋ ਨਾ ਹਟੇ ਤਾਂ ਸਿਹਤ ਮੰਤਰੀ ਸਿੱਧੂ ਨੇ ਕਿਹਾ ‘ਤੇਰੀ ਚਾਸੀ ਵੀ ਵਿੰਗੀ ਹੋਈ ਪਈ ਹੈ।’
bull; ਅਕਾਲੀ ਵਿਧਾਇਕ ਪਵਨ ਟੀਨੂੰ ਨੇ ਜੀਐੱਸਟੀ ਦਾ ਬਕਾਇਆ ਪੰਜਾਬ ਸਰਕਾਰ ਨੂੰ ਨਾ ਮਿਲਣ ‘ਤੇ ਆਖਿਆ, ”ਤੁਹਾਨੂੰ ਗਰੀਬਾਂ ਦੀ ਹਾਅ ਲੱਗ ਗਈ ਹੈ, ਤੁਸੀਂ ਗਰੀਬ ਬੱਚਿਆਂ ਨੂੰ ਵਜ਼ੀਫੇ ਦੇ ਪੈਸੇ ਨਹੀਂ ਦਿੱਤੇ।”
bull; ਰਾਜ ਕੁਮਾਰ ਚੱਬੇਵਾਲ ਨੇ ‘ਆਪ’ ਨੂੰ ਘੇਰਦਆਂ ਕਿਹਾ, ”ਆਮ ਆਦਮੀ ਪਾਰਟੀ ਵਾਲੇ ਅਮਿਤ ਸ਼ਾਹ ਤੋਂ ਬਿੱਲੀ ਵਾਂਗ ਡਰਦੇ ਨੇ।”
bull; ਸਦਨ ‘ਚ ਕਈ ਮੰਤਰੀ ਤੇ ਵਿਧਾਇਕ ਲਗਾਤਾਰ ਗੈਰਹਾਜ਼ਰ ਹਨ ਜਦੋਂ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮਨਪ੍ਰੀਤ ਸਿੰਘ ਬਾਦਲ, ਅਰੁਣਾ ਚੌਧਰੀ ਅਤੇ ਬ੍ਰਹਮ ਮਹਿੰਦਰਾ ਜ਼ਿਆਦਾਤਰ ਹਾਜ਼ਰ ਰਹਿ ਰਹੇ ਹਨ।
bull; ਸਦਨ ‘ਚ ਹਰ ਪਲ ਰਿਸ਼ਤਿਆਂ ਦੀ ਭਾਸ਼ਾ ਬਦਲਦੀ ਹੈ। ਅਮਨ ਅਰੋੜਾ ਹੱਥ ਜੋੜ ਰਜ਼ੀਆ ਸੁਲਤਾਨਾ ਨੂੰ ਭੈਣ ਜੀ ਆਖਦੇ ਰਹੇ ਅਤੇ ਸੁੱਖੀ ਰੰਧਾਵਾ ਨੂੰ ਵੱਡਾ ਭਰਾ। ਇਵੇਂ ਵਿਧਾਇਕ ਡੈਨੀ ਨੇ ਮਜੀਠੀਆ ਨੂੰ ਵੱਡਾ ਭਰਾ ਆਖਿਆ।
bull; ਵਿਧਾਇਕ ਪਵਨ ਟੀਨੂੰ ਨੇ ਬਜਟ ਦੀ ਭਵਿੱਖਬਾਣੀ ਕਰਦਿਆਂ ਕਿਹਾ, ”ਬਜਟ ਸ਼ਾਇਰੀ ਵਾਲਾ ਹੀ ਹੋਵੇਗਾ।’
bull; ਜਦੋਂ ਅਕਾਲੀ ਵਿਧਾਇਕ ਵਾਕਆਊਟ ਕਰ ਰਹੇ ਸਨ ਤਾਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੁਖਜੀਤ ਲੋਹਗੜ ਬਿਲਕੁਲ ਸੀਟਾਂ ਦੇ ਨੇੜੇ ਆਹਮੋ ਸਾਹਮਣੇ ਹੋ ਗਏ।
bull; ਵਿਧਾਇਕਾ ਮਾਣੂੰਕੇ ਨੇ ਸਰਕਾਰ ਨੂੰ ‘ਅੰਕੜਿਆਂ ਦੀ ਸੌਦਾਗਰ’ ਦੱਸਿਆ।
bull; ਸ਼ਰਨਜੀਤ ਸਿੰਘ ਢਿਲੋਂ ਨੇ ਖਣਨ ਮਾਫੀਏ ਦੀ ਗੱਲ ਕਰਦਿਆਂ ਆਖਿਆ, ”ਖਣਨ ਮਾਫੀਏ ਦੇ ਟਿੱਪਰਾਂ ਨੂੰ ਪੁਲੀਸ ਇਵੇਂ ਅੱਗੇ ਲੱਗ ਕੇ ਲੈ ਕੇ ਜਾਂਦੀ ਹੈ, ਜਿਵੇਂ ਵਿਆਹ ਵਾਲੀ ਡੋਲੀ ਹੋਵੇ।”