ਦਰਸ਼ਨ ਸਿੰਘ ਸੋਢੀ
ਮੁਹਾਲੀ, 8 ਮਾਰਚ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਸੋਮਵਾਰ ਨੂੰ ਮੁਹਾਲੀ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਦਿਨੋ ਦਿਨ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਘਰੇਲੂ ਗੈਸ ਮਹਿੰਗੀ ਹੋਣ ਕਾਰਨ ਗਰੀਬ ਲੋਕਾਂ ਦੇ ਚੁੱਲ੍ਹੇ ਠੰਢੇ ਹੋ ਗਏ ਹਨ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਤੇਲ ਕੀਮਤਾਂ ਵਿੱਚ ਉਛਾਲ ਆਉਣ ਕਰਕੇ ਟਰਾਂਸਪੋਰਟ ਖਰਚਾ ਵਧਣ ਨਾਲ ਖਾਣ ਪੀਣ ਦੀਆਂ ਵਸਤੂਆਂ ਦੀ ਕੀਮਤ ਵੀ ਦੁੱਗਣੀ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਵੱਧ ਰਹੀ ਮਹਿੰਗਾਈ ਦਾ ਅਸਰ ਹਰ ਵਰਗ ‘ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਵਧਣ ਕਾਰਨ ਜਿੱਥੇ ਹਰ ਵਰਗ ਸੰਤਾਪ ਹੰਢਾ ਰਿਹਾ ਹੈ, ਉੱਥੇ ਕੇਂਦਰ ਅਤੇ ਸੂਬਾ ਸਰਕਾਰ ਹੱਦ ਤੋਂ ਵੱਧ ਟੈਕਸ ਲਗਾ ਰਹੇ ਚੋਖੀ ਕਮਾਈ ਕਰ ਰਹੀ ਹੈ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਬਚਾਉਣ ਲਈ ਵੈਟ ਅੱਧਾ ਕੀਤਾ ਜਾਵੇ ਤਾਂ ਜੋ ਕੇਂਦਰ ਸਰਕਾਰ ‘ਤੇ ਵੀ ਕਸਟਮ ਡਿਊਟੀ ਘਟਾਉਣ ਲਈ ਦਬਾਅ ਪਾਇਆ ਜਾ ਸਕੇ।
ਸ੍ਰੀ ਚੰਦੂਮਾਜਰਾ ਨੇ ਦੋਸ਼ ਲਾਇਆ ਕਿ ਕਿਸਾਨੀ ਸੰਘਰਸ਼ ਵਿੱਚ ਲੋਕਾਂ ਦੇ ਰੁੱਝੇ ਹੋਣ ਦਾ ਸਰਕਾਰ ਨਾਜਾਇਜ਼ ਫਾਇਦਾ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਝੂਠੇ ਵਾਅਦੇ ਕਰਕੇ ਸਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਵਿਕਾਸ ਦੇ ਨਾਂ ‘ਤੇ ਡੱਕਾ ਵੀ ਨਹੀਂ ਤੋੜਿਆਂ ਅਤੇ ਨਾ ਹੀ ਕੋਈ ਚੋਣ ਵਾਅਦਾ ਹੀ ਪੂਰਾ ਕੀਤਾ ਹੈ। ਸਰਕਾਰ ਘਰ-ਘਰ ਰੁਜ਼ਗਾਰ, ਕਰਜ਼ਾ ਮੁਕਤੀ, ਨਸ਼ਾ ਮੁਕਤੀ ਸਮੇਤ ਹਰ ਪੱਖੋਂ ਬੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਅਤੇ ਅੱਜ ਬੇਰੁਜ਼ਗਾਰੀ ਚਰਮ ਸੀਮਾ ‘ਤੇ ਪਹੁੰਚ ਗਈ ਹੈ। ਵਿਧਾਨ ਸਭਾ ਵਿੱਚ ਬਜਟ ਸੈਸ਼ਨ ਵਿੱਚ ਉਸਾਰੂ ਬਹਿਸ ਤੋਂ ਭੱਜਦਿਆਂ ਸਰਕਾਰ ਨੇ ਅਕਾਲੀ ਵਿਧਾਇਕਾਂ ਨੂੰ ਸਦਨ ‘ਚੋਂ ਮੁਅੱਤਲ ਕਰਕੇ ਸ਼ਰੇਆਮ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਹੁਕਮਰਾਨ ਵਿਰੋਧੀ ਧਿਰ ਅਕਾਲੀ ਦਲ ਨੂੰ ਰੋਸ ਮੁਜ਼ਾਹਰਾ ਵੀ ਨਹੀਂ ਕਰਨ ਦੇ ਰਹੇ ਹਨ ਅਤੇ ਬਜਟ ਸੈਸ਼ਨ ਦੌਰਾਨ ਸਾਰੇ ਅਕਾਲੀ ਵਿਧਾਇਕਾਂ ਨੂੰ ਫੜ ਕੇ ਥਾਣੇ ਡੱਕਿਆ ਗਿਆ ਹੈ। ਇਸ ਦੌਰਾਨ ਅਕਾਲੀ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ।
ਇਸ ਮੌਕੇ ਅਕਾਲੀ ਦਲ ਬੀਸੀ ਵਿੰਗ ਦੇ ਸੂਬਾ ਜਨਰਲ ਸਕੱਤਰ ਜਤਿੰਦਰ ਸਿੰਘ ਰੋਮੀ, ਯੂਥ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਸੀਨੀਅਰ ਅਕਾਲੀ ਆਗੂ ਗੁਰਮੀਤ ਸਿੰਘ ਬਾਕਰਪੁਰ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਜੱਸਾ, ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, ਓਐਸਡੀ ਹਰਦੇਵ ਸਿੰਘ ਹਰਪਾਲਪੁਰ, ਸਾਬਕਾ ਕੌਂਸਲਰ ਪਰਵਿੰਦਰ ਸਿੰਘ ਤਸਿੰਬਲੀ ਤੇ ਬੀਬੀ ਮਨਜੀਤ ਕੌਰ, ਜਥੇਦਾਰ ਕਰਤਾਰ ਸਿੰਘ ਤਸਿੰਬਲੀ, ਸਰਬਜੀਤ ਸਿੰਘ ਪਾਰਸ, ਸਤਨਾਮ ਸਿੰਘ ਲਾਂਡਰਾਂ, ਰਣਬੀਰ ਸਿੰਘ ਪੂਨੀਆ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।
ਸਬੰਧਤ ਫੋਟੋ ਮੁਹਾਲੀ-1, ਡੀਸੀ ਦਫ਼ਤਰ ਮੁਹਾਲੀ ਦੇ ਬਾਹਰ ਧਰਨਾ ਦਿੰਦੇ ਹੋਏ ਅਕਾਲੀ ਦਲ ਦੇ ਆਗੂ ਤੇ ਵਰਕਰ। -ਫੋਟੋ: ਸੋਢੀ