ਮਿਆਂਮਾਰ: ਰਾਜ ਪਲਟੇ ਖ਼ਿਲਾਫ਼ ਸੜਕਾਂ ’ਤੇ ਉੱਤਰੇ ਲੋਕ


ਮਾਂਡਲੇ/ਯੈਂਗੌਨ, 9 ਮਾਰਚ

ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ‘ਚ ਅੱਜ ਵੱਡੀ ਗਿਣਤੀ ‘ਚ ਲੋਕ ਫੌਜ ਵੱਲੋਂ ਕੀਤੇ ਗਏ ਰਾਜ ਪਲਟੇ ਖ਼ਿਲਾਫ਼ ਸੜਕਾਂ ‘ਤੇ ਉੱਤਰੇ। ਲੋਕਾਂ ਨੇ ਹੱਥਾਂ ‘ਚ ਦੇਸੀ ਢੰਗ ਨਾਲ ਬਣੀਆਂ ਢਾਲਾਂ ਅਤੇ ਤਿੰਨ ਉਂਗਲਾਂ ਵਾਲੇ ਸਲਾਮ ਨੂੰ ਦਰਸਾਉਂਦੇ ਪੋਸਟਰ ਫੜੇ ਹੋਏ ਸਨ। ਮਾਂਡਲੇ ਵਿੱਚ ਹਾਲਾਂਕਿ ਸੁਰੱਖਿਆ ਬਲਾਂ ਨੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਲੋਕਾਂ ਨੇ ਰੋਸ ਜ਼ਾਹਿਰ ਕੀਤਾ। ਸੁਰੱਖਿਆ ਬਲਾਂ ਵੱਲੋਂ ਚਲਾਈ ਗਈ ਗੋਲੀ ਤੋਂ ਬਚਣ ਲਈ ਲੋਕਾਂ ਨੇ ਵਿਸ਼ੇਸ਼ ਤਰ੍ਹਾਂ ਦੇ ਢੰਗ ਅਪਣਾ ਲਏ ਹਨ। ਜ਼ਿਕਰਯੋਗ ਹੈ ਕਿ ਮੁਲਕ ‘ਚ ਫੌਜ ਖ਼ਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 50 ਮੁਜ਼ਾਹਰਾਕਾਰੀਆਂ ਦੀ ਮੌਤ ਹੋ ਚੁੱਕੀ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਅੱਜ ਸ਼ਹਿਰ ਦੀਆਂ ਸੜਕਾਂ ‘ਤੇ ਵੱਡੀ ਗਿਣਤੀ ‘ਚ ਲੋਕ ਉੱਤਰੇ ਤੇ ਰਾਜ ਪਲਟੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਮਾਂਡਲੇ ਤੋਂ ਇਲਾਵਾ ਮਿਆਂਮਾਰ ਦੇ ਹੋਰਨਾਂ ਸ਼ਹਿਰਾਂ ‘ਚ ਵੀ ਲੋਕਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾਣ ਦੀਆਂ ਖ਼ਬਰਾਂ ਹਨ। ਉੱਧਰ ਮਿਆਂਮਾਰ ‘ਚ ਸੁਰੱਖਿਆ ਦਸਤਿਆਂ ਵੱਲੋਂ ਹਿਰਾਸਤ ‘ਚ ਲਏ ਗਏ ਤਕਰੀਬਨ 200 ਵਿਦਿਆਰਥੀਆਂ ਦੀ ਹਮਾਇਤ ‘ਚ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯੈਂਗੋਨ ‘ਚ ਰੋਸ ਮੁਜ਼ਾਹਰੇ ਕੀਤੇ ਗਏ ਅਤੇ ਲੋਕਾਂ ਨੇ ਰਾਤ ਅੱਠ ਵਜੇ ਲਾਏ ਗਏ ਕਰਫਿਊ ਦੀ ਉਲੰਘਣਾ ਕੀਤੀ। ਮਿਆਂਮਾਰ ਦੀ ਸੈਨਾ ਨੇ ਇਨ੍ਹਾਂ ਮੁਜ਼ਾਹਰਿਆਂ ਦੀ ਕਵਰੇਜ ਕਰਨ ਲਈ ਪੰਜ ਮੀਡੀਆ ਸੰਸਥਾਵਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਆਂਗ ਸਾਂ ਸੂ ਕੀ ਦੀ ਸਰਕਾਰ ਦਾ ਪਿਛਲੇ ਮਹੀਨੇ ਫੌਜ ਵੱਲੋਂ ਰਾਜ ਪਲਟਾ ਕੀਤੇ ਜਾਣ ਖ਼ਿਲਾਫ਼ ਮਿਆਂਮਾਰ ਦੇ ਲੋਕ ਰੋਸ ਮੁਜ਼ਾਹਰੇ ਕਰ ਰਹੇ ਹਨ। ਫੌਜੀ ਸਰਕਾਰ ਨੇ ਇਸ ਮੀਡੀਆ ਕਵਰੇਜ ‘ਤੇ ਵੀ ਸਖ਼ਤ ਪਾਬੰਦੀ ਲਗਾ ਦਿੱਤੀ ਹੈ ਅਤੇ ਪੰਜ ਸਥਾਨਕ ਸੰਸਥਾਵਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਸਰਕਾਰੀ ਚੈਨਲ ਐੱਮਆਰਟੀਵੀ ‘ਤੇ ਕਿਹਾ ਗਿਆ ਹੈ ਕਿ ਇਨ੍ਹਾਂ ਮੀਡੀਆ ਕੰਪਨੀਆਂ ਨੂੰ ਕਿਸੇ ਵੀ ਮੰਚ ਜਾਂ ਤਕਨੀਕ ਰਾਹੀਂ ਪ੍ਰਸਾਰਨ ਦੀ ਇਜਾਜ਼ਤ ਨਹੀਂ ਹੈ। ਜ਼ਿਕਰਯੋਗ ਹੈ ਕਿ ਇਹ ਪੰਜ ਮੀਡੀਆ ਅਦਾਰੇ ਰੋਸ ਪ੍ਰਦਰਸ਼ਨ ਨਾਲ ਸਬੰਧਤ ਖ਼ਬਰਾਂ ਤੇ ਘਟਨਾਵਾਂ ਦਾ ਸਿੱਧਾ ਪ੍ਰਸਾਰਨ ਕਰ ਰਹੇ ਸਨ। ਪਾਬੰਦੀ ਲਾਉਣ ਤੋਂ ਪਹਿਲਾਂ ਇੱਕ ਮੀਡੀਆ ਅਦਾਰੇ ਦੇ ਦਫ਼ਤਰ ‘ਚ ਬੀਤੇ ਦਿਨ ਛਾਪਾ ਵੀ ਮਾਰਿਆ ਗਿਆ ਸੀ। ਸਰਕਾਰ ਨੇ ਰਾਜ ਪਲਟੇ ਤੋਂ ਬਾਅਦ ਦਰਜਨਾਂ ਪੱਤਰਕਾਰਾਂ ਨੂੰ ਹਿਰਾਸਤ ‘ਚ ਲਿਆ ਹੈ। ਪੁਲੀਸ ਨੇ ਯੈਂਗੋਨ ਦੇ ਗੁਆਂਢ ‘ਚ ਸਥਿਤ ਸਾਨਚੌਂਗ ‘ਚ ਘੇਰਾਬੰਦੀ ਕਰਕੇ ਘਰ-ਘਰ ਤਲਾਸ਼ੀ ਮੁਹਿੰਮ ਚਲਾਈ ਜਿਸ ਮਗਰੋਂ ਰਾਤ ਨੂੰ ਪ੍ਰਦਰਸ਼ਨ ਸ਼ੁਰੂ ਹੋਇਆ। -ਪੀਟੀਆਈSource link