ਕਿਸਾਨਾਂ ਵੱਲੋਂ ਚੰਗਰ ਵਾਸੀਆਂ ਲਈ ਹਾਅ ਦਾ ਨਾਅਰਾ


ਬੀ ਐੱਸ ਚਾਨਾ

ਸ੍ਰੀ ਆਨੰਦਪੁਰ ਸਾਹਿਬ, 12 ਮਾਰਚ

ਚੰਗਰ ਇਲਾਕੇ ਦੇ ਤਿੰਨ ਦਰਜਨ ਪਿੰਡਾਂ ਵਿੱਚ ਪਏ ਸੋਕੇ ਦੇ ਮੱਦੇਨਜ਼ਰ ਅੱਜ ਭਾਰਤੀ ਕਿਸਾਨ ਯੂਨੀਅਨ ਦਾ ਇਕੱਠ ਨੱਕੀਆਂ ਟੌਲ ਪਲਾਜ਼ਾ ‘ਤੇ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸੱਤ ਦਹਾਕਿਆਂ ਤੋਂ ਚੰਗਰ ਇਲਾਕਾ ਪਾਣੀ ਨੂੰ ਤਰਸ ਰਿਹਾ ਹੈ। ਸਿਆਸੀ ਪਾਰਟੀਆਂ ਤੇ ਸਰਕਾਰਾਂ ਹਰ ਵਾਰ ਸਿਰਫ ਲਾਰੇ ਹੀ ਲਾਉਂਦੀਆਂ ਹਨ। ਕਿਸੇ ਵੀ ਸਰਕਾਰ ਨੇ ਚੰਗਰ ਇਲਾਕੇ ਦੇ ਵਸਨੀਕਾਂ ਦੀ ਬਾਂਹ ਨਹੀਂ ਫੜੀ ਤੇ ਪਾਣੀ ਦੀ ਸਪਲਾਈ ਲਈ ਖਾਨਾਪੂਰਤੀ ਕਰਦਿਆਂ ਦੋ-ਚਾਰ ਟਿਊਬਵੈੱਲ ਹੀ ਲਗਾਏ ਗਏ ਹਨ।

ਉਨ੍ਹਾਂ ਨੇ ਦੋਸ਼ ਲਗਾਇਆ ਕਿ ਲਿਫਟ ਇਰੀਗੇਸ਼ਨ ਸਕੀਮ ਬਿਆਨਾਂ ਵਿੱਚ ਹੀ ਸੀਮਤ ਰਹੀ ਹੈ। ਚੰਗਰ ਇਲਾਕੇ ਦੀ ਸਾਰੀ ਖੇਤੀ ਹੁਣ ਮੀਂਹ ‘ਤੇ ਹੀ ਨਿਰਭਰ ਕਰਦੀ ਹੈ ਅਤੇ ਇਸ ਵਾਰ ਬਾਰਸ਼ਾਂ ਨਾ ਹੋਣ ਕਾਰਨ ਚੰਗਰ ਇਲਾਕੇ ਦੇ ਪਿੰਡ ਮਹਿੰਦਲੀ, ਕਾਹੀਵਾਲ, ਪਹਾੜਪੁਰ, ਸਮਲਾਹ, ਬਲੌਲੀ, ਰਾਏਪੁਰ’ ਘਨੌਰ, ਨਾਰਡ, ਮੱਸੇਵਾਲ, ਚੀਕਣਾ, ਦੇਹਣੀ ਆਦਿ ਵਿੱਚ ਪੰਦਰਾਂ ਹਜ਼ਾਰ ਏਕੜ ਰਕਬੇ ਵਿੱਚ ਸੋਕਾ ਪੈ ਗਿਆ ਹੈ ਤੇ ਚੰਗਰ ਇਲਾਕੇ ਦੇ ਲੋਕਾਂ ਕੋਲ ਰੋਜ਼ੀ-ਰੋਟੀ ਕਮਾਉਣ ਦਾ ਹੋਰ ਕੋਈ ਸਾਧਨ ਨਹੀਂ ਹੈ। ਇਸ ਇਲਾਕੇ ਦੇ ਵਸਨੀਕ ਖੇਤੀ ਜਾਂ ਡਰਾਇਵਰੀ ‘ਤੇ ਹੀ ਨਿਰਭਰ ਹਨ। ਸਿਆਸੀ ਲੋਕਾਂ ਦੀ ਦਖ਼ਲਅੰਦਾਜ਼ੀ ਕਾਰਨ ਚੰਗਰ ਇਲਾਕੇ ਨੂੰ ਰੁਜ਼ਗਾਰ ਦੇਣ ਵਾਲੀ ਟਰੱਕ ਯੂਨੀਅਨ ਵੀ ਫੇਲ੍ਹ ਹੋ ਚੁੱਕੀ ਹੈ।

ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ‘ਤੇ ਜ਼ੋਰ

ਕੀਰਤਪੁਰ-ਆਨੰਦਪੁਰ ਸਾਹਿਬ ਮਾਰਗ ਉੱਤੇ ਨੱਕੀਆਂ ਟੌਲ ਪਲਾਜ਼ਾ ‘ਤੇ ਭਾਰਤੀ ਕਿਸਾਨ ਯੂਨੀਅਨ ਦੇ ਇਕੱਠ ਦੌਰਾਨ ਸੰਬੋਧਨ ਕਰਦਿਆਂ ਆਨੰਦਪੁਰ ਸਾਹਿਬ ਦੇ ਕਨਵੀਨਰ ਸ਼ਮਸ਼ੇਰ ਸਿੰਘ ਸ਼ੇਰਾ, ਜੈਮਲ ਸਿੰਘ ਭੜੀ, ਜਸਪਾਲ ਸਿੰਘ ਢਾਹੇਂ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੰਗਰ ਇਲਾਕੇ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।Source link