ਦਿੱਲੀ ’ਚ 23 ਨੂੰ ਨੌਜਵਾਨਾਂ ਦਾ ਹੋਵੇਗਾ ਇਤਿਹਾਸਕ ਇਕੱਠ: ਕਿਸਾਨ ਆਗੂ


ਨਿੱਜੀ ਪੱਤਰ ਪ੍ਰੇਰਕ

ਫਰੀਦਕੋਟ, 18 ਮਾਰਚ

ਸੰਯੁਕਤ ਕਿਸਾਨ ਮੋਰਚੇ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਮੌਕੇ ਦਿੱਲੀ ਵਿੱਚ ਇਤਿਹਾਸਕ ਇੱਕਠ ਕੀਤਾ ਜਾ ਰਿਹਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਨੇ ਫ਼ਰੀਦਕੋਟ ਵਿੱਚ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਸੱਦੇ ‘ਤੇ ਇੱਥੇ ਹੋਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਚੱਲ ਰਿਹਾ ਕਿਸਾਨੀ ਅੰਦੋਲਨ ਇਤਿਹਾਸਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ‘ਤੇ ਨੌਜਵਾਨਾਂ ਦਾ ਦਿੱਲੀ ਵਿੱਚ ਲਾਮਿਸਾਲ ਇਕੱਠ ਹੋਵੇਗਾ। ਕਿਸਾਨ ਆਗੂ ਨੇ ਕਿਹਾ ਕਿ 26 ਮਾਰਚ ਨੂੰ ਭਾਰਤ ਬੰਦ ਦੇ ਸੱਦੇ ਨੂੰ ਕੌਮੀ ਹਮਾਇਤ ਮਿਲਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਦੇਸ਼ ਦੇ 20 ਸੂਬਿਆਂ ਵਿੱਚ ਫੈਲ ਚੁੱਕਾ ਹੈ। ਰਜਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਬਦਨਾਮ ਕਰਨ ਲਈ ਸਰਕਾਰੀ ਏਜੰਸੀਆਂ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੰਮ ਕਰ ਰਹੀਆਂ ਹਨ।

ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਆਗੂ ਗੁਰਦਿਆਲ ਸਿੰਘ ਭੱਟੀ ਨੇ ਕਿਹਾ ਕਿ 23 ਮਾਰਚ ਨੂੰ ਮਾਲਵੇ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਦਿੱਲੀ ਪੁੱਜਣਗੇ ਤੇ ਉਹ ਫ਼ਰੀਦਕੋਟ, ਮੋਗਾ, ਮੁਕਤਸਰ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਮਿਲ ਚੁੱਕੇ ਹਨ। ਸਮਾਗਮ ਨੂੰ ਮਾਸਟਰ ਪੂਰਨ ਸਿੰਘ, ਸੁਰਿੰਦਰ ਮਚਾਕੀ, ਕਵੀ ਸੁਨੀਲ ਚੰਦਿਆਣਵੀ, ਕਿਸਾਨ ਆਗੂ ਸਾਹਿਲਦੀਪ ਸਿੰਘ ਨੌਜਵਾਨ ਭਾਰਤ ਸਭਾ ਦੇ ਆਗੂ ਨੌਨਿਹਾਲ ਸਿੰਘ, ਪ੍ਰਿੰਸੀਪਲ ਮੇਹਰ ਸਿੰਘ, ਜਸਵਿੰਦਰ ਸਿੰਘ ਸਿੱਧੂ ਅਤੇ ਜਸਵੰਤ ਰਾਏ ਨੇ ਸੰਬੋਧਨ ਕੀਤਾ।Source link