ਹੋਲਾ ਮਹੱਲਾ ਪੂਰੇ ਸ਼ਾਨੋ-ਸ਼ੌਕਤ ਨਾਲ ਮਨਾਉਣ ਲਈ ਸੰਗਤ ਸ੍ਰੀ ਆਨੰਦਪੁਰ ਸਾਹਿਬ ਪੁੱਜੇ: ਬਾਬਾ ਬਲਬੀਰ ਸਿੰਘ ਅਕਾਲੀ


ਬੀਐੱਸ ਚਾਨਾ

ਸ੍ਰੀ ਆਨੰਦਪੁਰ ਸਾਹਿਬ , 20 ਮਾਰਚ

ਸਾਰੇ ਨਿਹੰਗ ਸਿੰਘ ਦਲਾਂ ਪੰਥਾਂ ਦੇ ਮੁਖੀ ਜਥੇਦਾਰਾਂ ਨੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਸਾਂਝੇ ਤੌਰ ‘ਤੇ ਗੁਰਮਤਾ ਕੀਤਾ ਹੈ ਕਿ ਗੁਰੂ ਪਾਤਸ਼ਾਹਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਪੁਰਾਤਨ ਰਵਾਇਤ ਅਨੁਸਾਰ ਸੰਗਤ ਹੋਲਾ ਮਹੱਲਾ ਪੂਰੇ ਖਾਲਸਾਹੀ ਜਾਹੋ ਜਲਾਲ ਨਾਲ ਮਨਾਉਣ ਲਈ ਵੱਧ ਚੜ੍ਹ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜੇ। ਸ਼਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਕਿਹਾ ਕਿ ਸਮੂਹ ਨਿਹੰਗ ਸਿੰਘ ਦਲਾਂ ਤੇ ਸੰਗਤਾਂ ਦੇ ਸਹਿਯੋਗ ਨਾਲ 27, 28 ਤੇ 29 ਮਾਰਚ ਨੂੰ ਹੋਲਾ-ਮਹੱਲਾ ਪੂਰੇ ਖ਼ਾਲਸਾਈ ਜਾਹੋ-ਜਲਾਲ ਤੇ ਸ਼ਾਨੋ-ਸ਼ੌਕਤ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਮਨਾਇਆ ਜਾਵੇਗਾ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਲੱਖਾਂ ਦੀ ਗਿਣਤੀ ‘`ਚ ਪੁੱਜਣ ਵਾਲੀ ਸੰਗਤ ਦੇ ਰਹਿਣ ਸਹਿਣ ਤੇ ਸੁੱਖ-ਸਹੂਲਤ ਦਾ ਵਿਸ਼ੇਸ਼ ਪ੍ਰਬੰਧ ਕਰਦਿਆਂ ਪਿਛਲੇ ਸਾਲਾਂ ਵਾਂਗ ਦੁਰਘਟਨਾ ਬੀਮਾ ਯੋਜਨਾ ਦਾ ਵੀ ਅਗਾਊਂ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਸਥਾਨਕ ਛਾਉਣੀ ਗੁਰੂ ਕੇ ਬਾਗ ਤੋਂ ਬਿਆਨ ਜਾਰੀ ਕਰਦਿਆਂ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀਆਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ, ਜਥੇਦਾਰ ਬਾਬਾ ਗੱਜਣ ਸਿੰਘ, ਜਥੇਦਾਰ ਬਾਬਾ ਅਵਤਾਰ ਸਿੰਘ, ਜਥੇਦਾਰ ਬਾਬਾ ਨਿਹਾਲ ਸਿੰਘ ਨੇ ਗੁਰਮਤਿ ਵਿਚਾਰਾਂ ਉਪਰੰਤ ਗੁਰਮਤਾ ਕੀਤਾ ਅਤੇ ਸਮੂਹ ਸੰਗਤਾਂ ਨੂੰ ਵੱਧ ਚੜ੍ਹ ਕੇ ਹੋਲੇ ਮਹੱਲੇ ਮੌਕੇ ਅਨੰਦਪੁਰ ਸਾਹਿਬ ਪੁੱਜਣ ਲਈ ਸੱਦਾ ਦਿੱਤਾ ਹੈ।Source link