ਜਸਵੰਤ ਜੱਸ
ਫ਼ਰੀਦਕੋਟ, 21 ਮਾਰਚ
ਮਾਲਵੇ ਦੇ ਵਿਦਿਆਰਥੀ ਇਸ ਵਾਰ ਗਰਮੀ ਦੀਆਂ ਛੁੱਟੀਆਂ ਸੰਯੁਕਤ ਕਿਸਾਨ ਮੋਰਚੇ ਨਾਲ ਦਿੱਲੀ ਦੀਆਂ ਹੱਦਾਂ ‘ਤੇ ਮਨਾਉਣਗੇ। ਇਸ ਮੁਹਿੰਮ ਨੂੰ ਘਰ-ਘਰ ਪਹੁੰਚਾਉਣ ਲਈ ਅੱਜ ਵਿਦਿਆਰਥੀਆਂ ਨੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਹਿਯੋਗ ਨਾਲ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਦੀਪ ਸਿੰਘ ਵਾਲਾ ਵਿੱਚ ਵਿਦਿਆਰਥੀ ਰੈਲੀ ਕੀਤੀ। ਵਿਦਿਆਰਥੀ ਜਰਨੈਲ ਸਿੰਘ, ਆਕਾਸ਼ਦੀਪ ਸਿੰਘ, ਜਸਪ੍ਰੀਤ ਸਿੰਘ ਅਤੇ ਫ਼ਤਹਿ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਹਾੜ੍ਹੀ ਦਾ ਸੀਜ਼ਨ ਸ਼ੁਰੂ ਹੋਣ ਕਰਕੇ ਕੁਝ ਕਿਸਾਨਾਂ ਨੂੰ ਦਿੱਲੀ ਮੋਰਚੇ ਤੋਂ ਪਿੰਡਾਂ ਨੂੰ ਆਉਣਾ ਪੈ ਸਕਦਾ ਹੈ, ਇਸ ਕਰਕੇ ਮੋਰਚੇ ‘ਤੇ ਰੌਣਕ ਬਣਾਈ ਰੱਖਣ ਲਈ ਵਿਦਿਆਰਥੀ ਗਰਮੀ ਦੀਆਂ ਛੁੱਟੀਆਂ ਵਿੱਚ ਮੋਰਚੇ ‘ਤੇ ਜਾਣ। ਅਧਿਆਪਕ ਜਗਰੂਪ ਕੌਰ ਨੇ ਕਿਹਾ ਕਿ ਮਾਲਵੇ ਦੇ ਫ਼ਰੀਦਕੋਟ, ਮੁਕਤਸਰ, ਮੋਗਾ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਵਿੱਚ ਵਿਦਿਆਰਥੀਆਂ ਨੂੰ ਕਿਸਾਨ ਮੋਰਚੇ ‘ਤੇ ਭੇਜਣ ਲਈ ਮੁਹਿੰਮ ਵਿੱਢੀ ਗਈ ਹੈ, ਜਿਸ ਦਾ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਸੁਖਪ੍ਰੀਤ ਕੌਰ ਅਤੇ ਵਿਦਿਆਰਥੀ ਆਗੂ ਕੇਸ਼ਵ ਕੁਮਾਰ ਨੇ ਕਿਹਾ ਕਿ ਮਾਲਵੇ ਦੇ ਹਜ਼ਾਰਾਂ ਵਿਦਿਆਰਥੀ ਇਸ ਵਾਰ ਛੁੱਟੀਆਂ ਵਿੱਚ ਨਾਨਕੇ ਪਿੰਡ ਜਾਂ ਪਹਾੜਾਂ ਵਿੱਚ ਜਾਣ ਦੀ ਥਾਂ ਕਿਸਾਨਾਂ ਦੇ ਮੋਰਚੇ ਵਿੱਚ ਸ਼ਮੂਲੀਅਤ ਕਰਨਗੇ।