ਰਮੇਸ਼ ਭਾਰਦਵਾਜ
ਲਹਿਰਾਗਾਗਾ, 27 ਮਾਰਚ
ਅੱਜ ਇਥੇ ਸਬ ਡਿਵੀਜਨ ਲਹਿਰਾਗਾਗਾ ਅਧੀਨ ਆਉਂਦੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ, ਅਧਿਆਪਕਾਂ, ਸਕੂਲ ਵਾਹਨ ਚਾਲਕਾਂ, ਕਰਮਚਾਰੀਆਂ ਤੇ ਵਿਦਿਆਰਥੀਆਂ ਨੇ ਅਨਾਜ ਮੰਡੀ ‘ਚ ਇਕੱਠ ਕਰਕੇ ਬਜ਼ਾਰ ‘ਚ ਕਾਲੇ ਝੰਡੇ ਲੈਕੇ ਕਰੀਬ ਦੋ ਕਿਲੋਮੀਟਰ ਲੰਬਾ ਰੋਸ ਮਾਰਚ ਕੀਤਾ। ਪ੍ਰਾਈਵੇਟ ਸਕੂਲਜ਼ ਸੰਘਰਸ਼ ਫਰੰਟ ਜ਼ਿਲ੍ਹਾ ਸੰਗਰੂਰ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਸ਼ੋਸੀਏਸ਼ਨ ਲਹਿਰਾਗਾਗਾ ਦੇ ਪ੍ਰਿੰਸੀਪਲ ਸੁਰਦਰਸ਼ਨ ਸ਼ਰਮਾ, ਪ੍ਰਵੀਨ ਖੋਖਰ, ਕੰਵਲਜੀਤ ਸਿੰਘ ਢੀਂਡਸਾ, ਸੰਜੈ ਸਿੰਗਲਾ, ਵਾਸਦੇਵ ਸ਼ਰਮਾ ਹਰਿਆਓ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦਕਿ ਇਸ ਦੇ ਬਦਲੇ ਪ੍ਰਬੰਧ ਵੀ ਕੀਤੇ ਜਾ ਸਕਦੇ ਹਨ। ਹਰ ਰੋਜ਼ ਸਕੂਲ ਵਿਚ 30 ਤੋਂ 50 ਫੀਸਦੀ ਵਿਦਿਆਰਥੀ ਬਿਠਾ ਕੇ ਇਮਤਿਹਾਨ ਲਏ ਜਾ ਸਕਦੇ ਹਨ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਮੈਰਿਜ ਪੈਲੇਸ, ਹੋਟਲਾਂ, ਇਕੱਠਾਂ ਵਿਚ ਕਰੋਨਾ ਨਹੀਂ ਆਉਂਦਾ? ਸਿਰਫ਼ ਸਕੂਲਾਂ ਵਿੱਚ ਹੀ ਕਰੋਨਾ ਦਾ ਡਰਾਵਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ‘ਤੇ ਪ੍ਰਾਈਵੇਟ ਸਕੂਲਾਂ ਨੂੰ ਖ਼ਤਮ ਕਰਕੇ ਸਰਕਾਰੀ ਸਕੂਲਾਂ ਵਿਚ ਗਿਣਤੀ ਵਧਾਉਣ ਦੀ ਸਾਜ਼ਿਸ਼ ਕਰਾਰ ਦਿੱਤਾ। ਪ੍ਰਾਈਵੇਟ ਸਕੂਲਜ਼ ਸੰਘਰਸ਼ ਫਰੰਟ ਵੱਲੋਂ ਪਹਿਲੀ ਅਪਰੈਲ ਤੋਂ ਸਕੂੁਲ ਖੋਲ੍ਹਣ ਲਈ ਸੁਨਾਮ/ ਸੰਗਰੂਰ ‘ਚ 31 ਮਾਰਚ ਨੂੰ ਧਰਨੇ ਲਗਾ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ।