ਪਟਿਆਲਾ: ਕੈਪਟਨ ਦੇ ਮਹਿਲ ਦਾ ਘਿਰਾਓ ਕਰਨ ਜਾਂਦੇ ਅਧਿਆਪਕਾਂ ਉੱਤੇ ਲਾਠੀਚਾਰਜ, ਕਈ ਜ਼ਖ਼ਮੀ ਤੇ ਡੇਢ ਸੌ ਕਾਰਕੁਨ ਹਿਰਾਸਤ ’ਚ ਲਏ


ਰਵੇਲ ਸਿੰਘ ਭਿੰਡਰ

ਪਟਿਆਲਾ, 28 ਮਾਰਚ

ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦਾ ਘਿਰਾਓ ਕਰਨ ਜਾਂਦੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਉੱਤੇ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ। ਰੁਜ਼ਗਾਰ ਦੀ ਪ੍ਰਾਪਤੀ ਤੇ ਭਰਤੀ ਸਬੰਧੀ ਹੋਰ ਮੰਗਾਂ ਲੈ ਕੇ ਇਹ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਥਿਤ ਰਿਹਾਇਸ਼ ਨੂੰ ਘੇਰਨ ਲਈ ਦੋ ਪਾਸਿਆਂ ਤੋਂ ਜਦੋਂ ਅੱਗੇ ਵਧੇ ਤਾਂ ਵੱਡੀ ਗਿਣਤੀ ਤਾਇਨਾਤ ਪੁਲੀਸ ਫੋਰਸ ਨੇ ਉਨ੍ਹਾਂ ਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਦਰਜਨ ਦੇ ਕਰੀਬ ਬੇਰੁਜ਼ਗਾਰ ਅਧਿਆਪਕ ਤੇ ਅਧਿਆਪਕਾਵਾਂ ਜ਼ਖ਼ਮੀ ਹੋ ਗਏ ਹਨ, ਜਦੋਂ ਕਿ ਮਹਿਲਾਵਾਂ ਸਮੇਤ ਡੇਢ ਸੌ ਦੇ ਕਰੀਬ ਕਾਰਕੁਨਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਸਮੇਤ ਲੀਡਰਸ਼ਿਪ ਦੇ ਹੋਰ ਆਗੂ ਵੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਏ ਹਨ। ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਦੀਪ ਬਨਾਰਸੀ ਨੇ ਪੁਲੀਸ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਉਤੇ ਅੰਨ੍ਹਾ ਲਾਠੀਚਾਰਜ ਬੇਵਜ੍ਹਾ ਕੀਤਾ ਗਿਆ ਹੈ ਹਾਲਾਂਕਿ ਉਹ ਜਮਹੂਰੀਅਤ ਦੇ ਹੱਕ ਵਜੋਂ ਸੰਘਰਸ਼ ਲਈ ਪੁੱਜੇ ਸਨ।Source link