ਫ਼ੌਜੀ ਰਾਜ ਪਲਟੇ ਖ਼ਿਲਾਫ਼ ਮਿਆਂਮਾਰ ’ਚ ਰੋਸ ਮੁਜ਼ਾਹਰੇ ਜਾਰੀ


ਯੈਂਗੋਨ, 28 ਮਾਰਚ

ਮਿਆਂਮਾਰ ਵਿਚ ਫ਼ੌਜੀ ਰਾਜ ਪਲਟੇ ਖ਼ਿਲਾਫ਼ ਲੋਕਾਂ ਦੇ ਰੋਸ ਪ੍ਰਦਰਸ਼ਨ ਜਾਰੀ ਹਨ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ 100 ਤੋਂ ਵੱਧ ਲੋਕ ਸੁਰੱਖਿਆ ਬਲਾਂ ਦੀਆਂ ਗੋਲੀਆਂ ਨਾਲ ਮਾਰੇ ਗਏ ਸਨ। ਰੋਸ ਮੁਜ਼ਾਹਰੇ ਦੋ ਸਭ ਤੋਂ ਵੱਡੇ ਸ਼ਹਿਰਾਂ ਯੈਂਗੋਨ ਤੇ ਮਾਂਡਲੇ ਵਿਚ ਹੋਏ। ਕੁਝ ਥਾਈਂ ਅੱਜ ਵੀ ਲੋਕਾਂ ਦਾ ਪੁਲੀਸ ਨਾਲ ਸਾਹਮਣਾ ਹੋਇਆ। ਸ਼ਨਿਚਰਵਾਰ ਕਰੀਬ 114 ਜਣੇ ਮਾਰੇ ਗਏ ਸਨ। ਪਹਿਲੀ ਫਰਵਰੀ ਨੂੰ ਹੋਏ ਰਾਜ ਪਲਟੇ ਤੋਂ ਬਾਅਦ ਲਗਾਤਾਰ ਮੁਲਕ ਵਿਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਮ੍ਰਿਤਕਾਂ ਵਿਚ 16 ਸਾਲ ਤੋਂ ਘੱਟ ਉਮਰ ਦੇ ਕਈ ਬੱਚੇ ਵੀ ਸ਼ਾਮਲ ਹਨ। ਫ਼ੌਜੀ ਰਾਜ ਪਲਟੇ ਖ਼ਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਵਿਚ ਹੁਣ ਤੱਕ 420 ਤੋਂ ਵੱਧ ਲੋਕ ਮਾਰੇ ਗਏ ਹਨ। ਸ਼ਨਿਚਰਵਾਰ ਹੋਈਆਂ ਮੌਤਾਂ ਮੁਲਕ ਦੇ ਕਈ ਹਿੱਸਿਆਂ ਵਿਚ ਹੋਈਆਂ ਹਨ। ਇਸ ਖ਼ੂਨ-ਖਰਾਬੇ ਦੀ ਕੌਮਾਂਤਰੀ ਪੱਧਰ ਉਤੇ ਤਿੱਖੀ ਆਲੋਚਨਾ ਹੋ ਰਹੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਾਗਰਿਕਾਂ ਦੀ ਹੱਤਿਆ ਦੀ ਸੂਚਨਾ ਮਿਲਣ ਨਾਲ ਵੱਡਾ ਝਟਕਾ ਲੱਗਾ ਹੈ। ਟਵੀਟ ਕਰਦਿਆਂ ਗੁਟੇਰੇਜ਼ ਨੇ ਲਿਖਿਆ ਕਿ ਲਗਾਤਾਰ ਫ਼ੌਜ ਵੱਲੋਂ ਵਰਤੀ ਜਾ ਰਹੀ ਤਾਕਤ ਸਵੀਕਾਰ ਕਰਨ ਯੋਗ ਨਹੀਂ ਹੈ। ਇਸ ਦਾ ਕੌਮਾਂਤਰੀ ਪੱਧਰ ‘ਤੇ ਮਜ਼ਬੂਤ, ਇਕਜੁੱਟ ਜਵਾਬ ਦੇਣਾ ਬਣਦਾ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਮਰੀਕਾ ਬਰਮਾ ਦੀ ਫ਼ੌਜ ਵੱਲੋਂ ਕੀਤੇ ਖ਼ੂਨ-ਖਰਾਬੇ ਤੋਂ ਬਹੁਤ ਫ਼ਿਕਰਮੰਦ ਹੈ। ਇਹ ਦਰਸਾਉਂਦਾ ਹੈ ਕਿ ਫ਼ੌਜ ਕੁਝ ਨੂੰ ਖ਼ੁਸ਼ ਕਰਨ ਲਈ ਲੋਕਾਂ ਦੀ ਜ਼ਿੰਦਗੀ ਦੀ ਬਲੀ ਦੇ ਰਹੀ ਹੈ। 12 ਮੁਲਕਾਂ ਦੇ ਫ਼ੌਜ ਮੁਖੀਆਂ ਨੇ ਲੋਕਾਂ ਖ਼ਿਲਾਫ਼ ਵਰਤੇ ਬਲ ਵਿਰੁੱਧ ਸਾਂਝਾ ਬਿਆਨ ਜਾਰੀ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੇਸ਼ੇਵਰ ਫ਼ੌਜ ਲੋਕਾਂ ਦੀ ਰਾਖੀ ਲਈ ਹੁੰਦੀ ਹੈ ਨਾ ਕਿ ਉਨ੍ਹਾਂ ਦਾ ਨੁਕਸਾਨ ਕਰਨ ਲਈ। ਆਸਟਰੇਲੀਆ, ਕੈਨੇਡਾ, ਜਰਮਨੀ, ਜਪਾਨ, ਅਮਰੀਕਾ, ਯੂਕੇ ਤੇ ਹੋਰ ਦੇਸ਼ਾਂ ਦੇ ਫ਼ੌਜ ਮੁਖੀਆਂ ਨੇ ਮਿਆਂਮਾਰ ਦੀ ਫ਼ੌਜ ਨੂੰ ਹਿੰਸਾ ਬੰਦ ਕਰਨ ਲਈ ਬੇਨਤੀ ਕੀਤੀ ਹੈ। -ਏਪੀSource link