ਜਾਅਲੀ ਡਿਗਰੀਆਂ ਮਾਮਲੇ ’ਚ ਟੋਡਰਮਾਜਰਾ ਦਾ ਸਰਪੰਚ ਤੇ ਡਾਕਟਰ ਗ੍ਰਿਫ਼ਤਾਰ


ਦਰਸ਼ਨ ਸਿੰਘ ਸੋਢੀ

ਮੁਹਾਲੀ, 5 ਅਪਰੈਲ

ਜਾਅਲੀ ਡਿਗਰੀਆਂ ਬਣਾਉਣ ਦੇ ਮਾਮਲੇ ਵਿੱਚ ਜ਼ਿਲ੍ਹਾ ਪੁਲੀਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਨੇ 2 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਵੱਡੀ ਗਿਣਤੀ ਵਿੱਚ ਵੱਖ-ਵੱਖ ਮੈਡੀਕਲ ਇੰਸਟੀਚਿਊਟਾਂ ਦੇ ਜਾਅਲੀ ਸਰਟੀਫਿਕੇਟ ਅਤੇ ਕੁਝ ਹੋਰ ਸਾਮਾਨ ਬਰਾਮਦ ਕੀਤਾ ਹੈ। ਸੋਹਾਣਾ ਥਾਣੇ ਵਿੱਚ ਮੁਹਾਲੀ ਦੀ ਐਸਪੀ (ਦਿਹਾਤੀ) ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਇਸ ਸਬੰਧੀ ਬੀਤੀ 26 ਜਨਵਰੀ ਨੂੰ ਜ਼ੀਰਕਪੁਰ ਥਾਣੇ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਐਸਪੀ ਨੇ ਦੱਸਿਆ ਕਿ ਮੁੱਖ ਮੁਲਜ਼ਮ ਨਿਰਮਲ ਸਿੰਘ ਉਰਫ਼ ਨਿੰਮਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਸ ਕੋਲੋਂ ਕਈ ਜਾਅਲੀ ਸਰਟੀਫਿਕੇਟ ਬਰਾਮਦ ਕੀਤੇ ਗਏ ਸੀ। ਐੱਸਐੱਸਪੀ ਸਤਿੰਦਰ ਸਿੰਘ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸਪੀ (ਦਿਹਾਤੀ) ਡਾ. ਰਵਜੋਤ ਕੌਰ ਗਰੇਵਾਲ ਦੀ ਅਗਵਾਈ ਹੇਠ ਸਿੱਟ ਦਾ ਗਠਨ ਕੀਤਾ ਸੀ, ਜਿਸ ਵਿੱਚ ਡੀਐੱਸਪੀ ਜ਼ੀਰਕਪੁਰ ਅਮਰੋਜ਼ ਸਿੰਘ, ਡੀਐੱਸਪੀ ਗੁਰਪ੍ਰੀਤ ਸਿੰਘ ਬੈਂਸ, ਜ਼ੀਰਕਪੁਰ ਥਾਣੇ ਦੇ ਐੱਸਐੱਚਓ ਇੰਸਪੈਕਟਰ ਓਂਕਾਰ ਸਿੰਘ ਬਰਾੜ ਅਤੇ ਸਬ ਇੰਸਪੈਕਟਰ ਸੁਨੀਲ ਕੁਮਾਰ ਨੂੰ ਵੀ ਨਾਮਜ਼ਦ ਕੀਤਾ ਗਿਆ। ਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਦੋ ਹੋਰ ਮੁਲਜ਼ਮਾਂ ਡਾ. ਸੁਰਿੰਦਰ ਸਿੰਗਲਾ ਵਾਸੀ ਮਲੇਰਕੋਟਲਾ ਅਤੇ ਪਿੰਡ ਟੋਡਰਮਾਜਰਾ ਦੇ ਮੌਜੂਦਾ ਸਰਪੰਚ ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਸਰਬਜੀਤ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਡਿਪਲੋਮਾ ਅਤੇ ਡਿਗਰੀਆਂ ਦੇ ਜਾਅਲੀ ਸਰਟੀਫਿਕੇਟ ਬਣਾਉਣ ਦਾ ਧੰਦਾ ਕਰ ਰਿਹਾ ਸੀ। ਉਸ ਨੇ ਕੌਂਸਲ ਆਫ਼ ਪੈਰਾ ਮੈਡੀਕਲ ਨਾਮ ਦੀ ਇਕ ਜਾਅਲੀ ਸੰਸਥਾ ਬਣਾ ਕੇ ਮੁਹਾਲੀ ਵਿੱਚ ਦਫ਼ਤਰ ਖੋਲ੍ਹਿਆ ਸੀ। ਮੁਲਜ਼ਮ ਸੁਰਿੰਦਰ ਸਿੰਗਲਾ ਮਲੇਰਕੋਟਲਾ ਵਿੱਚ ਆਪਣਾ ਕਲੀਨਿਕ ਚਲਾਉਂਦਾ ਹੈ, ਜੋ ਭੋਲੇ-ਭਾਲੇ ਲੋਕਾਂ ਨੂੰ ਵਰਗਲਾ ਕੇ ਸਰਬਜੀਤ ਸਿੰਘ ਕੋਲ ਮੁਹਾਲੀ ਲਿਆਉਂਦਾ ਸੀ। ਸਰਬਜੀਤ ਦਾਅਵਾ ਕਰਦਾ ਸੀ ਕਿ ਉਸ ਦੀ ਸੰਸਥਾ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਉਸ ਕੋਲ ਪੈਰਾਮੈਡੀਕਲ ਰਜਿਸਟਰਡ ਕਰਨ ਦਾ ਅਧਿਕਾਰ ਹੈ। ਇਸ ਤਰ੍ਹਾਂ ਕਈ ਨੌਜਵਾਨ ਜਿਨ੍ਹਾਂ ਲੈਬ ਟੈਕਨੀਸ਼ੀਅਨ ਦੇ ਕੋਰਸ ਕੀਤੇ ਸਨ, ਉਸ ਕੋਲ ਰਜਿਸਟਰੇਸ਼ਨ ਲਈ ਆਉਂਦੇ ਸੀ। ਹਾਲਾਂਕਿ ਸੰਸਥਾ ਨੂੰ ਸਰਕਾਰ ਵੱਲੋਂ ਅਜਿਹਾ ਕੋਈ ਅਧਿਕਾਰ ਨਹੀਂ ਦਿੱਤਾ ਗਿਆ ਸੀ।Source link