ਰਾਏਪੁਰ, 5 ਅਕਤੂਬਰ
ਕੇਂਦਰ ਸਰਕਾਰ ਦੀ ਸੰਪਤੀ ਮੁਦਰੀਕਰਨ ਪਾਈਪਲਾਈਨ ਸਕੀਮ ਦੀ ਆਲੋਚਨਾ ਕੀਤੇ ਜਾਣ ਕਾਰਨ ਕਾਂਗਰਸ ‘ਤੇ ਵਰ੍ਹਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ‘ਲੁੱਟ’ ਤਾਂ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਪਾਰਟੀ ਦੇ ਡੀਐੱਨਏ ਵਿੱਚ ਹੈ ਅਤੇ ਇਹ ਰੁਝਾਨ ਇਸਦੇ ਸਾਸ਼ਨ-ਕਾਲ ਦੌਰਾਨ ਝਲਕਦਾ ਸੀ। ਛੱਤੀਸਗੜ੍ਹ ਭਾਜਪਾ ਦਫ਼ਤਰ ਕੁਸ਼ਾਭਊ ਠਾਕਰੇ ਪਰਿਸ਼ਦ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਕਾਸ ਸਿਧਾਂਤ ਲੋਕਾਂ ਨੂੰ ਸਮਰੱਥ ਬਣਾਉਣ ‘ਤੇ ਆਧਾਰਿਤ ਹੈ, ਨਾ ਕਿ ਉਨ੍ਹਾਂ ਨੂੰ ਸਿਰਫ਼ ਅਧਿਕਾਰ ਦੇਣ ਦੀ ਪੇਸ਼ਕਸ਼ ਕਰਨ ‘ਤੇ। ਕੇਂਦਰੀ ਮੰਤਰੀ ਨੇ ਕਿਹਾ, ”ਇਹ ਲੁੱਟ ਸ਼ਬਦ ਹੀ ਉਸ ਦੇ ਡੀਐੱਨਏ ਵਿੱਚ ਹੈ, ਜਿਸ ਤੋਂ ਇਲਾਵਾ ਉਹ ਹੋਰ ਕੁੱਝ ਸੋਚ ਨਹੀਂ ਸਕਦੀ।” -ਪੀਟੀਆਈ