‘ਕਾਂਗਰਸੀਆਂ ਤੇ ਗੱਦਾਰਾਂ’ ਲਈ ਦੇਸ਼ ’ਚ ਕੋਈ ਥਾਂ ਨਹੀਂ: ਪ੍ਰੱਗਿਆ ਠਾਕੁਰ


ਭੋਪਾਲ, 16 ਅਕਤੂਬਰ

ਮੱਧ ਪ੍ਰਦੇਸ਼ ਦੇ ਇਕ ਕਾਂਗਰਸ ਵਿਧਾਇਕ ਉਤੇ ਵਰ੍ਹਦਿਆਂ ਭਾਜਪਾ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਨੇ ਅੱਜ ਕਿਹਾ ਕਿ ‘ਕਾਂਗਰਸੀਆਂ ਤੇ ਗੱਦਾਰਾਂ’ ਲਈ ਦੇਸ਼ ਵਿਚ ਕੋਈ ਥਾਂ ਨਹੀਂ ਹੈ। ਦੱਸਣਯੋਗ ਹੈ ਕਿ ਕਾਂਗਰਸ ਵਿਧਾਇਕ ਨੇ ਪੋਸਟਰ ਲਵਾਏ ਸਨ ਜਿਨ੍ਹਾਂ ਵਿਚ ਕੋਵਿਡ ਸੰਕਟ ਦੌਰਾਨ ਠਾਕੁਰ ਨੂੰ ‘ਲਾਪਤਾ’ ਗਰਦਾਨਿਆ ਗਿਆ ਸੀ। ਸ਼ੁੱਕਰਵਾਰ ਰਾਤ ਭੁਪਾਲ ਵਿਚ ਦਸਹਿਰਾ ਪ੍ਰੋਗਰਾਮ ਦੌਰਾਨ ਜਦ ਪ੍ਰੱਗਿਆ ਨੇ ਇਹ ਟਿੱਪਣੀ ਕੀਤਾ ਤਾਂ ਭੁਪਾਲ ਦੇ ਹੀ ਇਕ ਹਲਕੇ ਤੋਂ ਵਿਧਾਇਕ ਪੀਸੀ ਸ਼ਰਮਾ ਉੱਠ ਕੇ ਚਲੇ ਗਏ। ਠਾਕੁਰ ਨੇ ਸਮਾਗਮ ਵਿਚ ਕਾਂਗਰਸ ਆਗੂ ਦਿਗਵਿਜੈ ਸਿੰਘ ਉਤੇ ਵੀ ਨਿਸ਼ਾਨਾ ਸੇਧਿਆ। ਪ੍ਰੱਗਿਆ ਨੇ ਕਿਹਾ ਕਿ ਅਜਿਹੇ ਲੋਕ ਆਪਣੇ ਆਪ ਨੂੰ ਹਿੰਦੂ ਕਹਿੰਦੇ ਹਨ ਪਰ ਇਨ੍ਹਾਂ ਵਿਚ ਸੰਵੇਦਨਾ ਬਿਲਕੁਲ ਨਹੀਂ ਹੈ। ਉਸ ਨੇ ਕਿਹਾ ਕਿ ਦੇਸ਼ ਹਿੰਦੂਆਂ ਦੇ ਨਾਲ ਹੈ ਕਿਉਂਕਿ ‘ਉਹ ਦੇਸ਼ਭਗਤ ਹਨ।’ ਿੲਸੇ ਦੌਰਾਨ ਭਾਜਪਾ ਦੀ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਦੀ ਕਬੱਡੀ ਖੇਡਦੀ ਦੀ ਇਕ ਵੀਡੀਓ ਵਾਇਰਲ ਹੈ ਤੇ ਠਾਕੁਰ ਨੇ ਇਹ ਵੀਡੀਓ ਬਣਾ ਕੇ ਅੱਗੇ ਭੇਜਣ ਵਾਲੇ ਨੂੰ ‘ਰਾਵਣ’ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪ੍ਰੱਗਿਆ ਲੰਮਾ ਸਮਾਂ ਵੀਲ੍ਹਚੇਅਰ ‘ਤੇ ਰਹੀ ਹੈ ਮਾਲੇਗਾਓਂ ਧਮਾਕਾ ਕੇਸ ਵਿਚ ਉਸ ਨੇ ਮੈਡੀਕਲ ਆਧਾਰ ਉਤੇ ਜ਼ਮਾਨਤ ਲਈ ਹੋਈ ਹੈ। ਪ੍ਰੱਗਿਆ ਨੇ ਕਿਹਾ ਕਿ ਜਿਸ ਨੇ ਵੀ ਕਲਿੱਪ ਬਣਾ ਕੇ ਅੱਗੇ ਭੇਜੀ ਹੈ ਉਸ ਦਾ ਬੁਢਾਪਾ ਤੇ ਅਗਲਾ ਜਨਮ ਖ਼ਰਾਬ ਹੋ ਜਾਵੇਗਾ। ਭਾਜਪਾ ਆਗੂ ਦੀ ਨਿਖੇਧੀ ਕਰਦਿਆਂ ਕਾਂਗਰਸ ਨੇ ਕਿਹਾ ਕਿ ਪ੍ਰੱਗਿਆ ਖ਼ੁਦ ਰਾਖ਼ਸ਼ ਰਾਜੇ ਦੀ ਵਿਚਾਰਧਾਰਾ ਦੀ ਧਾਰਨੀ ਹੈ ਤੇ ਉਨ੍ਹਾਂ ਸਾਰਿਆਂ ਦੀ ਵੀ ਜੋ ਸ਼ੈਤਾਨ ਦੀ ਨੁਮਾਇੰਦਗੀ ਕਰਦੇ ਹਨ। ਠਾਕੁਰ ਨੇ ਇਹ ਟਿੱਪਣੀ ਭੋਪਾਲ ਦੇ ਸੰਤ ਨਗਰ (ਬੈਰਾਗੜ੍ਹ) ਵਿਚ ਦਸਹਿਰਾ ਸਮਾਗਮ ਦੌਰਾਨ ਕੀਤੀ। ਇਸ ਇਲਾਕੇ ਵਿਚ ਸਿੰਧੀ ਭਾਈਚਾਰਾ ਵੱਡੀ ਗਿਣਤੀ ਵਿਚ ਰਹਿੰਦਾ ਹੈ। ਇਸ ਤੋਂ ਪਹਿਲਾਂ ਭਾਜਪਾ ਸੰਸਦ ਮੈਂਬਰ ਦੀ ਇਕ ਹੋਰ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਉਹ ਗਰਬਾ ਨ੍ਰਿਤ ਕਰ ਰਹੀ ਹੈ। ਭੋਪਾਲ ਦੀ ਸੰਸਦ ਮੈਂਬਰ ਦਾ ਬਚਾਅ ਕਰਦਿਆਂ ਉਸ ਦੀ ਭੈਣ ਉਪਮਾ ਠਾਕੁਰ ਨੇ ਕਿਹਾ ਸੀ ਕਿ ਪ੍ਰੱਗਿਆ ਨੂੰ ਰੀੜ੍ਹ ਦੀ ਹੱਡੀ ਦੀ ਸਮੱਸਿਆ ਹੈ ਤੇ ਉਹ ਕਿਸੇ ਵੇਲੇ ਵੀ ਦੁਬਾਰਾ ਉੱਭਰ ਸਕਦੀ ਹੈ। -ਪੀਟੀਆਈ



Source link