ਕੋਵਿਡ ਦੇ ਟਾਕਰੇ ਲਈ ਕੌਮਾਂਤਰੀ ਪੱਧਰ ਦੇ ਵਿੱਤੀ ਢਾਂਚੇ ਦੀ ਲੋੜ: ਸੀਤਾਰਾਮਨ


ਨਿਊਯਾਰਕ, 18 ਅਕਤੂਬਰ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਇਕ ਕੌਮਾਂਤਰੀ ਵਿੱਤੀ ਢਾਂਚਾ ਕਾਇਮ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਬਣਾਉਣ ਲਈ ਲੋੜੀਂਦੇ ਕੱਚੇ ਮਾਲ (ਰਾਅ ਮੈਟੀਰੀਅਲ) ਦੀ ਸਪਲਾਈ ਲੜੀ ਖੋਲ੍ਹੇ ਰੱਖਣਾ ਵੀ ਮਹੱਤਵਪੂਰਨ ਹੈ। ਸੀਤਾਰਾਮਨ ਨੇ ਜੀ30 ਕੌਮਾਂਤਰੀ ਬੈਂਕਿੰਗ ਸੈਮੀਨਾਰ ਵਿਚ ਸ਼ਮੂਲੀਅਤ ਕਰਦਿਆਂ ਜਲਵਾਯੂ ਤੇ ਮਹਾਮਾਰੀ ਤੋਂ ਸੁਰੱਖਿਆ ਲਈ ਵਿੱਤੀ ਸਾਧਨ ਜੁਟਾਉਣ ਜਿਹੇ ਮੁੱਦੇ ਉਠਾਏ। ਭਾਰਤ ਦੀ ਵਿੱਤ ਮੰਤਰੀ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਨਵੀਆਂ ਚੁਣੌਤੀਆਂ ਨਾਲ ਜ਼ਿਆਦਾ ਬਿਹਤਰ ਢੰਗ ਨਾਲ ਨਜਿੱਠਣ ਲਈ ਵਿਸ਼ਵ ਸਿਹਤ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਸੀਤਾਰਾਮਨ ਵਾਸ਼ਿੰਗਟਨ ਡੀਸੀ ਦੀ ਫੇਰੀ ਤੋਂ ਬਾਅਦ ਸ਼ੁੱਕਰਵਾਰ ਨਿਊਯਾਰਕ ਪੁੱਜੀ ਸੀ। ਨਿਊਜਰਸੀ ਵਿਚ ਉਨ੍ਹਾਂ ਭਾਰਤੀ ਮੂਲ ਦੀਆਂ ਮਹਿਲਾ ਉੱਦਮੀਆਂ ਨਾਲ ਵੀ ਮੁਲਾਕਾਤ ਕੀਤੀ ਸੀ। ਵਾਸ਼ਿੰਗਟਨ ਵਿਚ ਉਨ੍ਹਾਂ ਵਿਸ਼ਵ ਬੈਂਕ ਤੇ ਆਈਐਮਐਫ ਦੀਆਂ ਬੈਠਕਾਂ ਵਿਚ ਹਿੱਸਾ ਲਿਆ। ਉਨ੍ਹਾਂ ਅਮਰੀਕੀ ਕਾਰੋਬਾਰੀਆਂ ਨੂੰ ਭਾਰਤ ਵਿਚ ਨਿਵੇਸ਼ ਦਾ ਸੱਦਾ ਵੀ ਦਿੱਤਾ ਸੀ। ਇਸ ਤੋਂ ਪਹਿਲਾਂ ਉਹ ਬੋਸਟਨ ਵੀ ਗਏ ਸਨ ਤੇ ਹਾਰਵਰਡ ਕੈਨੇਡੀ ਸਕੂਲ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਸੀ। -ਪੀਟੀਆਈSource link