ਹਸੀਨਾ ਵੱਲੋਂ ਤੁਰੰਤ ਕਾਰਵਾਈ ਦੇ ਹੁਕਮ


ਨਵੀਂ ਦਿੱਲੀ, 19 ਅਕਤੂਬਰ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਹੁਕਮ ਦਿੱਤਾ ਹੈ ਕਿ ਧਰਮ ਦੇ ਨਾਂ ਉਤੇ ਹਿੰਸਾ ਭੜਕਾਉਣ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕ ਬਿਨਾਂ ਤੱਥਾਂ ਦੀ ਜਾਂਚ ਕੀਤੇ ਸੋਸ਼ਲ ਮੀਡੀਆ ਉਤੇ ਚੱਲ ਰਹੇ ਕਿਸੇ ਵੀ ਘਟਨਾਕ੍ਰਮ ਉਤੇ ਭਰੋਸਾ ਨਾ ਕਰਨ। ਜ਼ਿਕਰਯੋਗ ਹੈ ਕਿ ਪਿਛਲੇ ਬੁੱਧਵਾਰ ਤੋਂ ਬੰਗਲਾਦੇਸ਼ ਵਿਚ ਹਿੰਦੂ ਮੰਦਰਾਂ ਉਤੇ ਹਮਲੇ ਵਧ ਗਏ ਹਨ। ਦੁਰਗਾ ਪੂਜਾ ਦੌਰਾਨ ਸੋਸ਼ਲ ਮੀਡੀਆ ਉਤੇ ਪਾਈ ਗਈ ਇਕ ਵਿਵਾਦਤ ਪੋਸਟ ਮਗਰੋਂ ਇਹ ਹਮਲੇ ਹੋਏ ਸਨ। ਕੈਬਨਿਟ ਮੀਟਿੰਗ ਵਿਚ ਪ੍ਰਧਾਨ ਮੰਤਰੀ ਹਸੀਨਾ ਨੇ ਗ੍ਰਹਿ ਮੰਤਰੀ ਅਸਦੂਜ਼ਮਾਨ ਖਾਨ ਨੂੰ ਤੁਰੰਤ ਕਾਰਵਾਈ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨੇ ਮੰਤਰਾਲੇ ਨੂੰ ਚੌਕਸ ਰਹਿਣ ਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਦਮ ਚੁੱਕਣ ਵਾਸਤੇ ਕਿਹਾ ਹੈ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਵੱਖ-ਵੱਖ ਹਮਲਿਆਂ ਵਿਚ ਛੇ ਹਿੰਦੂ ਮਾਰੇ ਗਏ ਹਨ। ਹਸੀਨਾ ਨੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ ਹੈ।

ਇਸੇ ਦੌਰਾਨ ਸੱਤਾਧਾਰੀ ਅਵਾਮੀ ਲੀਗ ਫ਼ਿਰਕੂ ਹਿੰਸਾ ਵਿਰੁੱਧ ਪੂਰੇ ਮੁਲਕ ਵਿਚ ਸ਼ਾਂਤੀ ਜਲੂਸ ਕੱਢ ਰਹੀ ਹੈ। ਅਵਾਮੀ ਲੀਗ ਨੇ ਇਕ ਰੈਲੀ ਵਿਚ ਕਿਹਾ ‘ਹਿੰਦੂ ਭੈਣ-ਭਰਾ ਡਰਨ ਨਾ, ਸ਼ੇਖ ਹਸੀਨਾ ਤੇ ਅਵਾਮੀ ਲੀਗ ਉਨ੍ਹਾਂ ਦੇ ਨਾਲ ਹੈ। ਸ਼ੇਖ ਹਸੀਨਾ ਸਰਕਾਰ ਘੱਟ ਗਿਣਤੀਆਂ ਦੀ ਦੋਸਤ ਹੈ।’ ਪਾਰਟੀ ਆਗੂਆਂ ਨੇ ਕਿਹਾ ਕਿ ਫ਼ਿਰਕੂ ਤਾਕਤਾਂ ਨਾਲ ਨਜਿੱਠਣ ਲਈ ਉਹ ਸੜਕਾਂ ਉਤੇ ਰਹਿਣਗੇ। -ਪੀਟੀਆਈ

ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ‘ਤੇ ਹਮਲਿਆਂ ਖ਼ਿਲਾਫ਼ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਰੋਸ ਵਿਖਾਵਾ

ਕੋਲਕਾਤਾ: ਬੰਗਲਾਦੇਸ਼ ਵਿੱਚ ਦੁਰਗਾ ਪੂਜਾ ਦੌਰਾਨ ਹਿੰਦੂ ਫਿਰਕੇ ‘ਤੇ ਕੀਤੇ ਗਏ ਹਮਲਿਆਂ ਦੇ ਰੋਸ ਵਜੋਂ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਅੱਜ ਪ੍ਰਦਰਸ਼ਨ ਕੀਤਾ। ਇਸ ਮਗਰੋਂ ਉਨ੍ਹਾਂ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਡੂੰਘੀ ਚਿੰਤਾ ਜ਼ਾਹਰ ਕੀਤੀ। ਦੁਰਗਾ ਪੂਜਾ ਦੌਰਾਨ ਮੰਦਰਾਂ ਦੀ ਭੰਨ-ਤੋੜ ਅਤੇ ਹਿੰਦੂਆਂ ‘ਤੇ ਹਮਲੇ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਸਜ਼ਾ ਦੀ ਮੰਗ ਕੀਤੀ। ਜਥੇਬੰਦੀ ਨੇ ਬੰਗਲਾਦੇਸ਼ ਸਰਕਾਰ ਨੂੰ ਅਪੀਲ ਕੀਤੀ ਕਿ ਹਿੰਦੂ ਭਾਈਚਾਰੇ ਦੀ ਜ਼ਿੰਦਗੀ, ਸੱਭਿਆਚਾਰ ਤੇ ਵਿਰਾਸਤ ਦੀ ਰਾਖੀ ਕੀਤੀ ਜਾਵੇ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ਖ਼ਿਲਾਫ਼ ਹੋਈ ਹਿੰਸਾ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਦੇਸ਼ਵਿਆਪੀ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ। ਪ੍ਰੀਸ਼ਦ ਦੇ ਜੁਆਇੰਟ ਸਕੱਤਰ ਸੁਰੇਂਦਰ ਜੈਨ ਨੇ ਕਿਹਾ ਕਿ ਦਿੱਲੀ ਸਥਿਤ ਬੰਗਲਾਦੇਸ਼ ਹਾਈ ਕਮਿਸ਼ਨ ਦੇ ਸਾਹਮਣੇ ਵੀ ਪ੍ਰਦਰਸ਼ਨ ਕੀਤਾ ਜਾਵੇਗਾ। -ਪੀਟੀਆਈ

ਹਿੰਦੂਆਂ ਵਿਰੁੱਧ ਵਧ ਰਹੀ ਨਫ਼ਰਤ ਫ਼ਿਕਰ ‘ਚ ਪਾਉਣ ਵਾਲੀ: ਤਸਲੀਮਾ ਨਸਰੀਨ

ਨਵੀਂ ਦਿੱਲੀ: ਉੱਘੀ ਲੇਖਿਕਾ ਤਸਲੀਮਾ ਨਸਰੀਨ ਨੇ ਬੰਗਲਾਦੇਸ਼ ਵਿਚ ਹਿੰਦੂਆਂ ਖ਼ਿਲਾਫ਼ ਕੀਤੀ ਜਾ ਰਹੀ ਹਿੰਸਾ ‘ਤੇ ਗੁੱਸਾ ਜ਼ਾਹਿਰ ਕੀਤਾ ਹੈ। ਤਸਲੀਮਾ ਨੇ ਕਿਹਾ ਕਿ ਮੁਲਕ ਹੁਣ ‘ਜਹਾਦਿਸਤਾਨ’ ਬਣ ਗਿਆ ਹੈ ਜਿੱਥੇ ਮਦਰੱਸੇ ਕੱਟੜਵਾਦ ਨੂੰ ਜਨਮ ਦੇ ਰਹੇ ਹਨ। ਉਸ ਨੇ ਬੰਗਲਾਦੇਸ਼ ਸਰਕਾਰ ‘ਤੇ ਧਰਮ ਨੂੰ ਸਿਆਸੀ ਲਾਭ ਖਾਤਰ ਵਰਤਣ ਦਾ ਦੋਸ਼ ਲਾਇਆ। ਨਸਰੀਨ ਨੇ ਕਿਹਾ ਕਿ ਹਿੰਦੂ ਤੇ ਬੋਧੀ ਬੰਗਲਾਦੇਸ਼ ਵਿਚ ‘ਤੀਜੇ ਦਰਜੇ ਦੇ ਨਾਗਰਿਕ’ ਬਣ ਗਏ ਹਨ ਤੇ ਹਿੰਦੂਆਂ ਖ਼ਿਲਾਫ਼ ਵਧ ਰਹੀ ਨਫ਼ਰਤ ਚਿੰਤਾ ਵਿਚ ਪਾਉਣ ਵਾਲੀ ਹੈ।Source link