ਗੋਆ ’ਚ ਟੀਐੱਮਸੀ ਤੇ ‘ਆਪ’ ਨਾਮ ਦੇ ਖਿਡਾਰੀ: ਚਿਦੰਬਰਮ


ਨਵੀਂ ਦਿੱਲੀ, 24 ਅਕਤੂਬਰ

ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਗੋਆ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਟੀਐੱਮਸੀ ਸਿਰਫ਼ ਨਾਮ ਦੇ ਖਿਡਾਰੀ ਹੋਣਗੇ ਅਤੇ ਭਾਜਪਾ ਨੂੰ ਹਰਾਉਣ ਤੇ ਅਗਲੀ ਸਰਕਾਰ ਬਣਾਉਣ ਲਈ ਕਾਂਗਰਸ ਬਿਹਤਰੀਨ ਸਥਿਤੀ ਵਿੱਚ ਹੈ। ਚਿਦੰਬਰਮ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਸੀਨੀਅਰ ਚੋਣ ਨਿਗਰਾਨ ਹਨ। ਚਿਦੰਬਰਮ ਨੇ ਕਿਹਾ ਕਿ ਉਨ੍ਹਾਂ ਨੂੰ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪਾਰਟੀ ਟੀਐੱਮਸੀ ਵੱਲੋਂ ‘ਦਲ ਬਦਲੀ’ ਕਰਵਾ ਕੇ ਗੋਆ ਵਿੱਚ ਯੂਨਿਟ ਸ਼ੁਰੂ ਕਰਨ ਦੀ ਕੋਸ਼ਿਸ਼ ਦਾ ਮਕਸਦ ਸਮਝ ਨਹੀਂ ਆਉਂਦਾ। ਇੱਕ ਇੰਟਰਵਿਊ ਵਿੱਚ ਗੋਆ ਵਿੱਚ ਕਾਂਗਰਸ ਅਤੇ ਭਾਜਪਾ ਨੂੰ ਮੁੱਖ ਪਾਰਟੀ ਕਰਾਰ ਦਿੰਦਿਆਂ ਚਿਦੰਬਰਮ ਨੇ ਕਿਹਾ ਕਿ ਗੋਆ ਵਿਧਾਨ ਸਭਾ ਚੋਣਾਂ ਦੌਰਾਨ ਛੋਟੀਆਂ ਪਾਰਟੀਆਂ ਨਾਲ ਗੱਠਜੋੜ ਤਾਂ ਹੀ ਸੰਭਵ ਹੈ, ਜੇ ਉਹ ਮੰਨ ਲੈਂਦੀਆਂ ਹਨ ਕਿ ਗ਼ੈਰ-ਭਾਜਪਾ ਗੱਠਜੋੜ ਵਿੱਚ ਕਾਂਗਰਸ ਦੀ ਕੇਂਦਰੀ ਭੂਮਿਕਾ ਰਹੇਗੀ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੇ ਛੋਟੀਆਂ ਪਾਰਟੀਆਂ ਗੱਠਜੋੜ ਕਰਨਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਕੁੱਝ ਸੀਟਾਂ ਦਿੱਤੀਆਂ ਜਾ ਸਕਦੀਆਂ ਹਨ। ਰਾਜ ਸਭਾ ਮੈਂਬਰ ਚਿਦੰਬਰਮ ਨੇ ਕਿਹਾ, ”ਗੋਆ ਉਨ੍ਹਾਂ ਪੰਜ ਸੂਬਿਆਂ ਵਿੱਚੋਂ ਇੱਕ ਹੈ, ਜਿੱਥੇ ਅਗਲੇ ਸਾਲ ਚੋਣਾਂ ਹੋਣ ਜਾ ਰਹੀਆਂ ਹਨ। ਸਾਰਿਆਂ ਸੂਬਿਆਂ ਦੀ ਅਹਿਮੀਅਤ ਹੈ ਅਤੇ ਉਸ ਹਿਸਾਬ ਨਾਲ ਗੋਆ ਵੀ ਅਹਿਮ ਹੈ। ਕਾਂਗਰਸ ਅਤੇ ਗੋਆ ਦੇ ਲੋਕਾਂ ਦਾ ਲੰਬਾ ਅਤੇ ਖ਼ਾਸ ਰਿਸ਼ਤਾ ਰਿਹਾ ਹੈ। ਕਾਂਗਰਸ ਜਾਣਦੀ ਹੈ ਕਿ ਗੋਆ, ਗੋਆ ਦੇ ਲੋਕਾਂ ਅਤੇ ਗੋਆ ਦੀ ਇੱਕ ਅਨੋਖੀ ਜੀਵਨ-ਸ਼ੈਲੀ ਹੈ।” -ਪੀਟੀਆਈSource link