ਕੇਜਰੀਵਾਲ ਨੇ ਖੇਤੀ ਕਾਨੂੰਨਾਂ ਨਾਲ ਜੁੜੇ ਸਵਾਲਾਂ ਤੋਂ ਕਿਨਾਰਾ ਕੀਤਾ


ਪੰਜਾਬੀ ਟ੍ਰਿਬਿਊਨ ਵੈੱਬ ਸਰਵਿਸ

ਮਾਨਸਾ, 28 ਅਕਤੂਬਰ

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮਾਲਵਾ ਦੇ ਦੋ ਰੋਜ਼ਾ ਦੌਰੇ ‘ਤੇ ਹਨ। ਅੱਜ ਉਨ੍ਹਾਂ ਨੇ ਇਥੇ ਕਿਸਾਨਾਂ ਦੀਆਂ ਸੰਸਥਾਵਾਂ ਨਾਲ ਬੰਦ ਕਮਰੇ ਵਿੱਚ ਮੀਟਿੰਗ ਕੀਤੀ। ਉਨ੍ਹਾਂ ਨਾਲ ‘ਆਪ’ ਦੇ ਹੋਰਨਾਂ ਆਗੂਆਂ ਸਣੇ ਭਗਵੰਤ ਮਾਨ ਵੀ ਹਾਜ਼ਰ ਸਨ। ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਢਕੌਂਦਾ) ਦੇ ਆਗੂ ਮਹਿੰਦਰ ਸਿੰਘ ਭੈਣੀਬਾਗਾ ਤੇ ਐਡਵੋਕੇਟ ਕੁਲਵਿੰਦਰ ਸਿੰਘ ਉਦਤ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਖੇਤੀ ਕਾਨੂੰਨ ਤੇ ਧਾਰਾ 370 ਸਬੰਧੀ ਕੇਜਰੀਵਾਲ ਨੂੰ ਸਵਾਲ ਪੁੱਛੇ ਪਰ ਉਨ੍ਹਾਂ ਨੇ ਜਵਾਬ ਨਹੀਂ ਦਿੱਤੇ ਜਿਸ ਕਾਰਨ ਇਨ੍ਹਾਂ ਆਗੂਆਂ ਨੇ ਕੇਜਰੀਵਾਲ ਖ਼ਿਲਾਫ਼ ਅਸਤੁੰਸ਼ਟੀ ਦਾ ਇਜ਼ਹਾਰ ਕੀਤਾ। ਦੱਸਣਯੋਗ ਹੈ ਕਿ ਸ੍ਰੀ ਕੇਜਰੀਵਾਲ ਇਥੇ ਹੈਰੀਟੇਜ ਰਿਜ਼ੋਰਟ ਵਿੱਚ ਕਿਸਾਨਾਂ ਦਾ ਹਾਲ ਜਾਣਨ ਤੇ ਗੁਲਾਬੀ ਸੁੰਡੀ ਕਾਰਨ ਨਰਮੇ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਆਏ ਹਨ। ਇਸੇ ਦੌਰਾਨ ‘ਆਪ’ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਨੇ ਖੇਤੀ ਕਾਨੂੰਨਾਂ ਬਾਰੇ ਕੇਜਰੀਵਾਲ ਵੱਲੋਂ ਜਵਾਬ ਨਾ ਦੇਣ ਬਾਰੇ ਅਗਿਆਨਤਾ ਪ੍ਰਗਟਾਈ।



Source link