ਗੁਲਾਬੀ ਸੁੰਡੀ: ਨਰਮੇ ਲਈ 416 ਕਰੋੜ ਰੁਪਏ ਦਾ ਮੁਆਵਜ਼ਾ


ਚਰਨਜੀਤ ਭੁੱਲਰ

ਚੰਡੀਗੜ੍ਹ, 30 ਅਕਤੂਬਰ

ਪੰਜਾਬ ਸਰਕਾਰ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਅਰੁਣਾ ਚੌਧਰੀ ਅਤੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਅੱਜ ਪੰਜਾਬ ਭਵਨ ‘ਚ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਗੁਲਾਬੀ ਸੁੰਡੀ ਕਾਰਨ ਨੁਕਸਾਨੇ ਗਏ ਨਰਮੇ ਦੀ ਫਸਲ ਦੇ ਮੁਆਵਜ਼ੇ ਵਜੋਂ 416 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਲਿਸੀ ਅਨੁਸਾਰ ਉਹ ਪ੍ਰਤੀ ਏਕੜ 12 ਹਜ਼ਾਰ ਰੁਪਏ ਹੀ ਦੇ ਸਕਦੇ ਸਨ ਜਦਕਿ ਗੱਠਜੋੜ ਸਰਕਾਰ ਨੇ ਆਪਣੇ ਸਮੇਂ ਸਿਰਫ਼ 8 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਸੀ|

ਕੈਬਨਿਟ ਮੰਤਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਭਲਕੇ ਐਤਵਾਰ ਨੂੰ ਬਟਨ ਦਬਾ ਕੇ ਮੁਆਵਜ਼ਾ ਰਾਸ਼ੀ ਡਿਪਟੀ ਕਮਿਸ਼ਨਰਾਂ ਨੂੰ ਤਬਦੀਲ ਕਰਨਗੇ। ਇਹ ਰਾਸ਼ੀ ਦੀਵਾਲੀ ਤੋਂ ਪਹਿਲਾਂ ਡਿਪਟੀ ਕਮਿਸ਼ਨਰਾਂ ਦੇ ਖਾਤੇ ਵਿਚ ਭੇਜ ਦਿੱਤੀ ਜਾਵੇਗੀ ਜਿਸ ਦਾ ਅੱਗੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਿੱਧਾ ਭੁਗਤਾਨ ਕੀਤਾ ਜਾਵੇਗਾ। ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਚੁਗਾਈ ਮਜ਼ਦੂਰਾਂ ਦੀ ਸ਼ਨਾਖ਼ਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਸ਼ੀ ਦਾ 10 ਫ਼ੀਸਦੀ ਹਿੱਸਾ ਚੁਗਾਈ ਮਜ਼ਦੂਰਾਂ ਨੂੰ ਰਾਹਤ ਵਜੋਂ ਦਿੱਤਾ ਜਾਵੇਗਾ। ਕੈਬਨਿਟ ਵਜ਼ੀਰਾਂ ਨੇ ਦੱਸਿਆ ਕਿ ਗੁਲਾਬੀ ਸੁੰਡੀ ਨਾਲ ਮਾਨਸਾ, ਸੰਗਰੂਰ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ ਵਿੱਚ ਨਰਮੇ ਦੇ ਨੁਕਸਾਨ ਦੀ ਪੂਰਤੀ ਲਈ ਕਿਸਾਨਾਂ ਅਤੇ ਚੁਗਾਈ ਮਜ਼ਦੂਰਾਂ ਲਈ 416.18 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ| ਵਜ਼ੀਰਾਂ ਨੇ ਦੱਸਿਆ ਕਿ ਨਰਮਾ ਪੱਟੀ ਵਿਚ ਇਸ ਵਾਰ ਤਕਰੀਬਨ 7 ਲੱਖ 51 ਹਜ਼ਾਰ ਏਕੜ ਰਕਬੇ ਵਿਚ ਨਰਮੇ ਦੀ ਬਿਜਾਂਦ ਸੀ ਜਿਸ ‘ਚੋਂ ਕਰੀਬ 4 ਲੱਖ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ 26 ਤੋਂ 32 ਫ਼ੀਸਦੀ ਨੁਕਸਾਨ ਲਈ 2000 ਰੁਪਏ ਪ੍ਰਤੀ ਏਕੜ, 33 ਤੋਂ 75 ਫ਼ੀਸਦੀ ਨੁਕਸਾਨ ਲਈ 5400 ਰੁਪਏ ਪ੍ਰਤੀ ਏਕੜ ਅਤੇ 76 ਤੋਂ 100 ਫ਼ੀਸਦੀ ਨੁਕਸਾਨ ਲਈ 12,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਇਹ ਮੁਆਵਜ਼ਾ ਅੱਜ ਤੱਕ ਦਾ ਸਭ ਤੋਂ ਵੱਧ ਰਾਸ਼ੀ ਹੈ। ਵਜ਼ੀਰਾਂ ਅਨੁਸਾਰ ਮਾਨਸਾ ਵਿਚ 1,51,335 ਏਕੜ ਰਕਬੇ ‘ਚ 76 ਤੋਂ 100 ਫ਼ੀਸਦੀ ਨੁਕਸਾਨ ਹੋਇਆ ਹੈ ਤੇ ਇਸ ਜ਼ਿਲ੍ਹੇ ਲਈ 181.60 ਕਰੋੜ ਦਾ ਮੁਆਵਜ਼ਾ ਵੰਡਿਆ ਜਾਣਾ ਹੈ। ਸੰਗਰੂਰ ਵਿਚ 145 ਏਕੜ ‘ਚ 26 ਤੋਂ 32 ਫ਼ੀਸਦੀ, 3693 ਏਕੜ ‘ਚ 33 ਤੋਂ 75 ਫ਼ੀਸਦੀ ਅਤੇ 180 ਏਕੜ ‘ਚ 76 ਤੋਂ 100 ਫ਼ੀਸਦ ਫਸਲ ਦਾ ਨੁਕਸਾਨ ਹੋਇਆ ਹੈ। ਬਠਿੰਡਾ ਜ਼ਿਲ੍ਹੇ ਵਿਚ 1,88,308 ਏਕੜ ‘ਚ 76 ਤੋਂ 100 ਫ਼ੀਸਦੀ ਫਸਲ ਦਾ ਨੁਕਸਾਨ ਹੋਇਆ ਹੈ ਅਤੇ ਇਸ ਜ਼ਿਲ੍ਹੇ ਨੂੰ 226.15 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ 1906 ਏਕੜ ‘ਚ 26 ਤੋਂ 32 ਫ਼ੀਸਦੀ, 7922 ਏਕੜ ‘ਚ 33 ਤੋਂ 75 ਫ਼ੀਸਦੀ ਅਤੇ 50 ਏਕੜ ‘ਚ 76 ਤੋਂ 100 ਫ਼ੀਸਦੀ ਫਸਲ ਨੁਕਸਾਨੀ ਹੈ। ਇਸ ਦੇ ਵਾਸਤੇ 4.71 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਬਰਨਾਲਾ ਵਾਸਤੇ 1.46 ਕਰੋੜ ਰੁਪਏ ਦੀ ਰਾਹਤ ਦਿੱਤੀ ਜਾਣੀ ਹੈ। ਮਾਲ ਮੰਤਰੀ ਨੇ ਦੱਸਿਆ ਕਿ ਹਾਲ ਹੀ ‘ਚ ਪਏ ਮੀਂਹ ਕਾਰਨ ਜੋ ਫ਼ਸਲ ਨੁਕਸਾਨੀ ਗਈ ਹੈ, ਉਸ ਦੀ ਗਿਰਦਾਵਰੀ ਦੀ ਰਿਪੋਰਟ ਆਉਣ ਮਗਰੋਂ ਹੀ ਮੁਆਵਜ਼ਾ ਜਾਰੀ ਕਰ ਦਿੱਤਾ ਜਾਵੇਗਾ।

ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਦੱਸਿਆ ਕਿ ਨਰਮੇ ਦੀ ਫ਼ਸਲ ਨੂੰ ਸੁੰਡੀ ਤੋਂ ਬਚਾਉਣ ਲਈ ਨਵੀਂ ਤਕਨੀਕ ਲਿਆਂਦੀ ਜਾ ਰਹੀ ਹੈ ਅਤੇ ਦੋ ਵਰ੍ਹਿਆਂ ਮਗਰੋਂ ਇਸ ਫ਼ਸਲ ਨੂੰ ਕੋਈ ਸੁੰਡੀ ਨੁਕਸਾਨ ਨਹੀਂ ਪਹੁੰਚਾ ਸਕੇਗੀ। ਵਜ਼ੀਰਾਂ ਨੇ ਇਹ ਵੀ ਦੱਸਿਆ ਕਿ 8 ਨਵੰਬਰ ਨੂੰ ਵਿਧਾਨ ਸਭਾ ਵਿਚ ਖੇਤੀ ਕਾਨੂੰਨਾਂ ਅਤੇ ਬੀਐੱਸਐੱਫ ਦਾ ਦਾਇਰਾ ਵਧਾਉਣ ਦੇ ਮੁੱਦੇ ‘ਤੇ ਚਰਚਾ ਕਰਵਾਈ ਜਾਵੇਗੀ।

ਇਸ ਮੌਕੇ ਵਿੱਤ ਕਮਿਸ਼ਨਰ ਮਾਲ ਵੀ.ਕੇ. ਜੰਜੂਆ, ਵਿੱਤ ਕਮਿਸ਼ਨਰ ਖੇਤੀਬਾੜੀ ਡੀ.ਕੇ. ਤਿਵਾੜੀ ਤੇ ਵਧੀਕ ਸਕੱਤਰ ਮਾਲ ਕੈਪਟਨ ਕਰਨੈਲ ਸਿੰਘ ਵੀ ਹਾਜ਼ਰ ਸਨ।

ਬੀਕੇਯੂ ਉਗਰਾਹਾਂ ਵੱਲੋਂ ਮੁਆਵਜ਼ਾ ਰੱਦ

ਗੁਲਾਬੀ ਸੁੰਡੀ ਦੇ ਨੁਕਸਾਨ ਦੀ ਪੂਰਤੀ ਲਈ ਮੁਆਵਜ਼ੇ ਲਈ ਸੰਘਰਸ਼ ਵਿਚ ਉੱਤਰੀ ਬੀਕੇਯੂ (ਉਗਰਾਹਾਂ) ਨੇ ਪੰਜਾਬ ਸਰਕਾਰ ਵੱਲੋਂ ਅੱਜ ਐਲਾਨੀ ਇਸ ਮੁਆਵਜ਼ਾ ਰਾਸ਼ੀ ਨੂੰ ਰੱਦ ਕਰ ਦਿੱਤਾ ਹੈ ਅਤੇ ਇਸ ਨੂੰ ਕਿਸਾਨਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦੇ ਬਰਾਬਰ ਦੱਸਿਆ ਹੈ। ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਮੁਆਵਜ਼ੇ ਲਈ ਸੰਘਰਸ਼ ਜਾਰੀ ਰਹੇਗਾ| ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਿਰਹਾ ਹੈ।



Source link