ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਨਵੰਬਰ
ਸੂਬੇ ਦੀਆਂ ਜੇਲ੍ਹਾਂ ਵਿੱਚੋਂ ਲਗਾਤਾਰ ਨਸ਼ਾ ਤਸਕਰੀ ਦਾ ਧੰਦਾ ਜਾਰੀ ਹੈ। ਪੰਜਾਬ ਅੰਦਰ ਆਏ ਦਿਨ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਬਰਾਮਦ ਹੋਣ ਅਤੇ ਨਸ਼ਾ ਤਸਕਰੀ ਦੇ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹਾ ਹੀ ਇੱਕ ਮਾਮਲਾ ਜੇਲ੍ਹ ‘ਚੋਂ ਸਾਹਮਣੇ ਆਇਆ ਹੈ ਜਿਥੇ ਨਸ਼ਾ ਤਸਕਰੀ ਜੇਲ੍ਹ ‘ਚੋਂ ਵਟਸਐਪ ਰਾਹੀਂ ਚਲਾਈ ਜਾ ਰਹੀ ਸੀ। ਜ਼ਿਲ੍ਹਾ ਪੁਲੀਸ ਮੁਖੀ ਸੁਰਿੰਦਰਜੀਤ ਸਿੰਘ ਮੰਡ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸੀਆਈਏ ਸਟਾਫ਼ ਨੂੰ ਸੂਚਨਾ ਮਿਲੀ ਸੀ ਕਿ ਧਰਮਕੋਟ ਦੇ ਬੱਡੂਵਾਲ ਰੋਡ ਵਿਖੇ ਨਸ਼ਾ ਤਸਕਰਾਂ ਵੱਲੋਂ ਗੁਦਾਮ ‘ਚ ਭੁੱਕੀ ਡੰਪ ਕੀਤੀ ਗਈ ਹੈ। ਉਥੇ ਛਾਪਾਮਾਰੀ ਕਰਕੇ 90 ਬੋਰੀ ਵਜ਼ਨੀ 18 ਕੁਇੰਟਲ ਭੁੱਕੀ ਅਤੇ ਇੱਕ ਕਾਰ ਤੇ ਟਰੱਕ ਵੀ ਜ਼ਬਤ ਕੀਤਾ ਗਿਆ ਹੈ। ਪੁਲੀਸ ਨੇ 11 ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।