ਸਰਕਾਰ ਨੇ ਬਿਜਲੀ ਤਿੰਨ ਰੁਪਏ ਸਸਤੀ ਕੀਤੀ


ਚਰਨਜੀਤ ਭੁੱਲਰ
ਚੰਡੀਗੜ੍ਹ, 1 ਨਵੰਬਰ

ਪੰਜਾਬ ਮੰਤਰੀ ਮੰਡਲ ਨੇ ਅੱਜ ‘ਪੰਜਾਬ ਦਿਵਸ’ ਮੌਕੇ ਲੋਕਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਸੂਬੇ ‘ਚ ਘਰੇਲੂ ਬਿਜਲੀ ਤਿੰਨ ਰੁਪਏ ਸਸਤੀ ਕਰਨ ਦਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 18 ਨੁਕਾਤੀ ਏਜੰਡੇ ਦੀ ਪੂਰਤੀ ਹਿੱਤ ਅੱਜ ਕੈਬਨਿਟ ਦੇ ਇਨ੍ਹਾਂ ਫ਼ੈਸਲਿਆਂ ਤੋਂ ਜਾਣੂ ਕਰਾਉਂਦਿਆਂ ਇਸ ਨੂੰ ਪੰਜਾਬੀਆਂ ਲਈ ਵੱਡਾ ਤੋਹਫ਼ਾ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਘਰੇਲੂ ਖਪਤਕਾਰਾਂ ਨੂੰ ਰਾਹਤ ਮਿਲੇਗੀ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਕੈਬਨਿਟ ਸਹਿਯੋਗੀਆਂ ਨਾਲ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ।

ਇਹ ਫ਼ੈਸਲਾ ਅੱਜ ਤੋਂ ਹੀ ਲਾਗੂ ਹੋ ਗਿਆ ਹੈ। ਉਂਜ ਸਰਕਾਰੀ ਖ਼ਜ਼ਾਨੇ ‘ਤੇ 3316 ਕਰੋੜ ਰੁਪਏ ਦਾ ਸਾਲਾਨਾ ਬੋਝ ਵੀ ਪਵੇਗਾ ਜਦਕਿ ਪੰਜਾਬ ਪਹਿਲਾਂ ਹੀ ਪੌਣੇ ਤਿੰਨ ਲੱਖ ਕਰੋੜ ਰੁਪਏ ਦੇ ਕਰਜ਼ ਹੇਠ ਹੈ। ਚੇਤੇ ਰਹੇ ਕਿ ਕਾਂਗਰਸ ਸਰਕਾਰ ਨੇ ਕਰੀਬ ਸਾਢੇ ਚਾਰ ਵਰ੍ਹਿਆਂ ਮਗਰੋਂ ਸਸਤੀ ਬਿਜਲੀ ਦੇਣ ਦੇ ਵਾਅਦੇ ਨੂੰ ਪੁਗਾਇਆ ਹੈ। ਮੰਤਰੀ ਮੰਡਲ ਨੇ 7 ਕਿੱਲੋਵਾਟ ਤੱਕ ਦੇ ਲੋਡ ਵਾਲੇ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਵਿਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਹੈ| ਪੰਜਾਬ ਵਿਚ ਇਸ ਵੇਲੇ ਕੁੱਲ 71.75 ਲੱਖ ਘਰੇਲੂ ਖਪਤਕਾਰਾਂ ‘ਚੋਂ 69 ਲੱਖ ਨੂੰ ਇਸ ਦਾ ਲਾਭ ਮਿਲੇਗਾ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਇੱਕ ਕਿੱਲੋਵਾਟ ਤੱਕ ਦੇ ਲੋਡ ਵਾਲੇ 21 ਲੱਖ ਖਪਤਕਾਰਾਂ (ਐੱਸਸੀ/ਬੀਸੀ) ਨੂੰ 200 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਇਹ ਸਹੂਲਤ ਜਾਰੀ ਰਹੇਗੀ। ਕੈਬਨਿਟ ਫ਼ੈਸਲੇ ਅਨੁਸਾਰ ਹੁਣ ਦੋ ਕਿੱਲੋਵਾਟ ਤੱਕ ਵਾਲੇ ਖਪਤਕਾਰਾਂ ਨੂੰ ਜ਼ੀਰੋ ਤੋਂ 100 ਯੂਨਿਟ ਤੱਕ 1.19 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੇਗੀ। ਪਹਿਲਾਂ ਇਹ 4.19 ਰੁਪਏ ਪ੍ਰਤੀ ਯੂਨਿਟ ਸੀ।ਇਸੇ ਤਰ੍ਹਾਂ 101 ਤੋਂ 300 ਯੂਨਿਟ ਤੱਕ ਬਿਜਲੀ ਦਰਾਂ 7.01 ਰੁਪਏ ਤੋਂ ਘਟਾ ਕੇ 4.01 ਰੁਪਏ ਪ੍ਰਤੀ ਯੂਨਿਟ ਕਰ ਦਿੱਤੀਆਂ ਗਈਆਂ ਹਨ। 300 ਯੂਨਿਟਾਂ ਤੋਂ ਵੱਧ ‘ਤੇ ਰੇਟ 5.76 ਰੁਪਏ ਪ੍ਰਤੀ ਯੂਨਿਟ ਰਹੇਗਾ ਜੋ ਪਹਿਲਾਂ 8.76 ਰੁਪਏ ਪ੍ਰਤੀ ਯੂਨਿਟ ਸੀ। ਇਸੇ ਤਰ੍ਹਾਂ 2 ਤੋਂ 7 ਕਿੱਲੋਵਾਟ ਤੱਕ ਦੇ ਲੋਡ ਵਾਲੇ ਖਪਤਕਾਰਾਂ ਨੂੰ ਪਹਿਲੀਆਂ 100 ਯੂਨਿਟਾਂ ‘ਤੇ ਬਿਜਲੀ ਦਰ 1.49 ਰੁਪਏ ਪਵੇਗੀ ਜੋ ਪਹਿਲਾਂ 4.49 ਰੁਪਏ ਪ੍ਰਤੀ ਯੂਨਿਟ ਸੀ। 101 ਤੋਂ 300 ਯੂਨਿਟ ਤੱਕ ਰੇਟ ਹੁਣ 4.01 ਰੁਪਏ ਰਹੇਗਾ ਜੋ ਪਹਿਲਾਂ 7.01 ਰੁਪਏ ਸੀ। 300 ਯੂਨਿਟਾਂ ਤੋਂ ਵੱਧ ਬਿਜਲੀ ਦਰ ਹੁਣ 5.76 ਰੁਪਏ ਪ੍ਰਤੀ ਯੂਨਿਟ ਹੋਵੇਗੀ ਜੋ ਪਹਿਲਾਂ 8.76 ਰੁਪਏ ਸੀ। ਪੰਜਾਬ ਸਰਕਾਰ ਵੱਲੋਂ ਬਿਜਲੀ ਸਬਸਿਡੀ ਵਜੋਂ ਪਹਿਲਾਂ ਹੀ 10,628 ਕਰੋੜ ਰੁਪਏ ਸਾਲਾਨਾ ਪਾਵਰਕੌਮ ਨੂੰ ਦਿੱਤੇ ਜਾਂਦੇ ਹਨ। ਹੁਣ ਸਸਤੀ ਬਿਜਲੀ ਦੇਣ ਮਗਰੋਂ ਸਬਸਿਡੀ ਦਾ ਇਹ ਬਿੱਲ ਵਧ ਕੇ 13,944 ਕਰੋੜ ਰੁਪਏ ਹੋ ਜਾਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਦਰਮਿਆਨੇ ਪੱਧਰ ਦੇ ਉਦਯੋਗਾਂ ਨੂੰ ਬਿਜਲੀ ਦੀਆਂ ਨਿਰਧਾਰਿਤ ਦਰਾਂ ਵਿਚ ਪਹਿਲਾਂ ਹੀ 50 ਫ਼ੀਸਦੀ ਕਟੌਤੀ ਕਰ ਦਿੱਤੀ ਗਈ ਹੈ ਜਿਸ ਦਾ 35 ਹਜ਼ਾਰ ਸਨਅਤੀ ਯੂਨਿਟਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸਸਤੀ ਬਿਜਲੀ ਦੇਣ ਤੋਂ ਪਹਿਲਾਂ ਸਰਕਾਰ ਨੇ ਇੱਕ ਸਰਵੇ ਕਰਾ ਕੇ ਫੀਡ ਬੈਕ ਲਈ ਸੀ ਜਿਸ ਵਿਚ ਲੋਕਾਂ ਨੇ ਮੁਫ਼ਤ ਬਿਜਲੀ ਯੂਨਿਟਾਂ ਦੀ ਥਾਂ ਸਸਤੀ ਬਿਜਲੀ ਦੇਣ ਦੀ ਮੰਗ ਕੀਤੀ ਸੀ। ਚੰਨੀ ਨੇ ਦਲੀਲ ਦਿੱਤੀ ਕਿ ਪੰਜਾਬ ਸਰਕਾਰ ਹੁਣ ਸਸਤੀਆਂ ਦਰਾਂ ‘ਤੇ ਬਿਜਲੀ ਖ਼ਰੀਦੇਗੀ। ਇਸੇ ਕਰਕੇ ਜੀਵੀਕੇ ਗੋਇੰਦਵਾਲ ਪਾਵਰ ਪ੍ਰੋਜੈਕਟ ਨਾਲ ਸਮਝੌਤਾ ਰੱਦ ਕਰਨ ਦਾ ਨੋਟਿਸ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 500 ਮੈਗਾਵਾਟ ਸੋਲਰ ਊਰਜਾ 2.33 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖ਼ਰੀਦੀ ਜਾ ਰਹੀ ਹੈ ਅਤੇ ਬਿਜਲੀ ਐਕਸਚੇਂਜ ‘ਚੋਂ ਪੰਜਾਬ ਹੁਣ 2.65 ਰੁਪਏ ਪ੍ਰਤੀ ਯੂਨਿਟ ਬਿਜਲੀ ਖ਼ਰੀਦ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਪਿੱਛੇ ਕੋਈ ਸਿਆਸੀ ਮਨੋਰਥ ਨਹੀਂ ਹੈ। ਇਸ ਤੋਂ ਇਲਾਵਾ ਪੰਜਾਬ ਮੰਤਰੀ ਮੰਡਲ ਦੀ ਪ੍ਰਵਾਨਗੀ ਨਾਲ ਆਰਡੀਨੈਂਸਾਂ ਨੂੰ ਬਿੱਲਾਂ ਵਿਚ ਤਬਦੀਲ ਕਰਕੇ ਰੇਲਮਾਜਰਾ, ਬਲਾਚੌਰ, ਐੱਸਬੀਐੱਸ ਨਗਰ ਵਿਖੇ ਲਮਰਿਨ ਟੈੱਕ ਸਕਿੱਲ ਯੂਨੀਵਰਸਿਟੀ ਅਤੇ ਆਈਟੀ ਸਿਟੀ, ਐੱਸ ਏ ਐੱਸ ਨਗਰ ਵਿਖੇ ਪਲਾਕਸਾ ਯੂਨੀਵਰਸਿਟੀ ਦੀ ਸਥਾਪਨਾ ਲਈ ਰਾਹ ਪੱਧਰਾ ਕੀਤਾ ਗਿਆ ਹੈ। ਮੰਤਰੀ ਮੰਡਲ ਨੇ ਇਨ੍ਹਾਂ ਬਿੱਲਾਂ ਨੂੰ ਪੰਜਾਬ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਵਿਚ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਮੁਲਾਜ਼ਮਾਂ ਨੂੰ ਤੋਹਫ਼ਾ: ਮਹਿੰਗਾਈ ਭੱਤੇ ‘ਚ 11 ਫ਼ੀਸਦੀ ਵਾਧਾ

ਪੰਜਾਬ ਕੈਬਨਿਟ ਨੇ ਅੱਜ ਮੁਲਾਜ਼ਮਾਂ ਨੂੰ ਵੀ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਮਹਿੰਗਾਈ ਭੱਤੇ ਵਿਚ 11 ਫ਼ੀਸਦੀ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਮਹਿੰਗਾਈ ਭੱਤਾ 17 ਤੋਂ ਵਧ ਕੇ 28 ਫ਼ੀਸਦੀ ਹੋ ਗਿਆ ਹੈ ਅਤੇ ਇਹ 1 ਜੁਲਾਈ, 2021 ਤੋਂ ਲਾਗੂ ਹੋਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਵਧੇ ਹੋਏ ਮਹਿੰਗਾਈ ਭੱਤੇ ਨਾਲ ਸੂਬਾ ਸਰਕਾਰ ‘ਤੇ 440 ਕਰੋੜ ਰੁਪਏ ਮਾਸਿਕ ਵਾਧੂ ਬੋਝ ਪਵੇਗਾ। ਉਧਰ ਸਰਕਾਰੀ ਮੁਲਾਜ਼ਮਾਂ ਨੇ ਇਸ ਫ਼ੈਸਲੇ ਮਗਰੋਂ ਆਪਣੀ ਹੜਤਾਲ ਵਾਪਸ ਲੈ ਲਈ ਹੈ। ਮੁੱਖ ਮੰਤਰੀ ਚੰਨੀ ਨੇ ਐਲਾਨ ਕੀਤਾ ਕਿ ਜਿਹੜੇ ਮੁਲਾਜ਼ਮ ਇੱਕ ਜਨਵਰੀ, 2016 ਤੋਂ ਬਾਅਦ ਭਰਤੀ ਹੋਏ ਹਨ, ਉਨ੍ਹਾਂ ਨੂੰ ਵੀ ਬਾਕੀ ਮੁਲਾਜ਼ਮਾਂ ਵਾਂਗ ਸੋਧੀ ਹੋਈ ਤਨਖ਼ਾਹ ਵਿਚ ਘੱਟੋ-ਘੱਟ 15 ਫ਼ੀਸਦੀ ਵਾਧੇ ਦਾ ਲਾਭ ਮਿਲੇਗਾ। ਹਾਲਾਂਕਿ, ਸੋਧੀ ਹੋਈ ਤਨਖ਼ਾਹ ਨਿਰਧਾਰਿਤ ਕਰਨ ਮੌਕੇ ਜੂਨੀਅਰ ਕਰਮਚਾਰੀ ਦੀ ਤਨਖ਼ਾਹ ਉਸ ਦੇ ਸੀਨੀਅਰ ਨਾਲੋਂ ਵੱਧ ਤੈਅ ਨਹੀਂ ਹੋਵੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਅੰਦੋਲਨ ਦਾ ਰਾਹ ਨਹੀਂ ਅਪਣਾਉਣਗੇ ਸਗੋਂ ਆਪਸੀ ਗੱਲਬਾਤ ਰਾਹੀਂ ਮਸਲੇ ਹੱਲ ਕਰਵਾਉਣਗੇ।

ਨਵਜੋਤ ਸਿੰਘ ਸਿੱਧੂ ਨਵੇਂ ਫ਼ੈਸਲੇ ‘ਤੇ ਚੁੱਪ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤਿੰਨ ਰੁਪਏ ਬਿਜਲੀ ਸਸਤੀ ਕੀਤੇ ਜਾਣ ਦੇ ਫ਼ੈਸਲੇ ‘ਤੇ ਚੁੱਪ ਵੱਟ ਗਏ ਹਨ। ਉਨ੍ਹਾਂ ਸਸਤੀ ਬਿਜਲੀ ਦੇਣ ਦੇ ਫ਼ੈਸਲੇ ‘ਤੇ ਹਾਲੇ ਤੱਕ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਉਨ੍ਹਾਂ 27 ਅਕਤੂਬਰ ਨੂੰ ਟਵੀਟ ਕਰਕੇ ਵਿਧਾਨ ਸਭਾ ਦੇ 8 ਨਵੰਬਰ ਦੇ ਸੈਸ਼ਨ ਵਿਚ ਬਿਜਲੀ ਸਮਝੌਤੇ ਰੱਦ ਕੀਤੇ ਜਾਣ ਨਾਲ ਸਸਤੀ ਬਿਜਲੀ ਮਿਲਣ ਦੀ ਗੱਲ ਜ਼ਰੂਰ ਆਖੀ ਸੀ। ਅੱਜ ਜਦੋਂ ਕੈਬਨਿਟ ਤਿੰਨ ਰੁਪਏ ਬਿਜਲੀ ਸਸਤੀ ਕੀਤੇ ਜਾਣ ਦੇ ਫ਼ੈਸਲੇ ਨੂੰ ਇਤਿਹਾਸਿਕ ਦੱਸ ਰਹੀ ਹੈ ਤਾਂ ਸਿੱਧੂ ਆਪਣੀ ਸਰਕਾਰ ਦੇ ਇਸ ਫ਼ੈਸਲੇ ਬਾਰੇ ਚੁੱਪ ਹਨ।



Source link