ਬਰਨਾਲਾ ਜੇਲ੍ਹ ’ਚ ਕੈਦੀ ਦੀ ਪਿੱਠ ’ਤੇ ਲਿਖ ਦਿੱਤਾ ‘ਅੱਤਵਾਦੀ’, ਅਦਾਲਤ ਵੱਲੋਂ ਜਾਂਚ ਦੇ ਹੁਕਮ


ਜੋਗਿੰਦਰ ਸਿੰਘ ਮਾਨ

ਮਾਨਸਾ, 3 ਨਵੰਬਰ

ਬਰਨਾਲਾ ਦੀ ਵਿੱਚ ਜੇਲ੍ਹ ਪ੍ਰਸ਼ਾਸਨ ਕੈਦੀ ਦੀ ਕਥਿਤ ਕੁੱਟਮਾਰ ਕਰਨ ਅਤੇ ਪਿੱਠ ਉਤੇ ‘ਅੱਤਵਾਦੀ’ ਲਿਖਣ ਕਰਕੇ ਵਿਵਾਦਾਂ ਵਿੱਚ ਘਿਰ ਗਿਆ ਹੈ। ਮਾਨਸਾ ਸੀਜੇਐੱਮ ਦੀ ਅਦਾਲਤ ਨੇ ਬਰਨਾਲਾ ਦੇ ਸੀਜੇਐੱਮ-ਕਮ-ਜੁਡੀਸ਼ਲ ਮੈਜਿਸਟਰੇਟ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਜ਼ਿੰਮੇਵਾਰ ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ। ਕੈਦੀ ਕਰਮਜੀਤ ਸਿੰਘ ਵਾਸੀ ਪਿੰਡ ਬੱਲਮਗੜ੍ਹ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਖ਼ਿਲਾਫ਼ ਥਾਣਾ ਸਦਰ ਮਾਨਸਾ ਵਿਖੇ ਸਾਲ 2020 ਵਿੱਚ ਐੱਨਡੀਸੀਪੀ ਐਕਟ ਤਹਿਤ ਮਾਮਲਾ ਦਰਜ ਸੀ। ਇਸ ਮਾਮਲੇ ਵਿੱਚ ਬੁੱਧਵਾਰ ਨੂੰ ਕਰਮਜੀਤ ਸਿੰਘ ਨੂੰ ਬਰਨਾਲਾ ਜੇਲ੍ਹ ਤੋਂ ਮਾਨਸਾ ਦੀ ਸੀਜੇਐੱਮ ਅਤੁਲ ਕੰਬੋਜ ਦੀ ਅਦਾਲਤ ਵਿੱਚ ਪੇਸ਼ੀ ‘ਤੇ ਲਿਆਂਦਾ ਗਿਆ, ਜਦੋਂ ਹੀ ਉਸ ਨੂੰ ਜੱਜ ਕੋਲ ਪੇਸ਼ ਕੀਤਾ ਗਿਆ ਤਾਂ ਕੈਦੀ ਨੇ ਬਰਨਾਲਾ ਜੇਲ੍ਹ ਪ੍ਰਸ਼ਾਸਨ ਉਤੇ ਉਸ ਦੀ ਅਤੇ ਹੋਰ ਕੈਦੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਲਗਾਏ ਅਤੇ ਕਿਹਾ ਕਿ ਉਸ ਨੂੰ ਗਰਮ ਸਰੀਏ ਕਰਕੇ ਕੁੱਟਿਆ ਗਿਆ ਅਤੇ ਉਸ ਦੀ ਪਿੱਠ ‘ਤੇ ਜੇਲ੍ਹ ਅਧਿਕਾਰੀਆਂ ਨੇ ਅੱਤਵਾਦੀ ਲਿਖ ਦਿੱਤਾ। ਉਸ ਨੇ ਅਦਾਲਤ ਵਿੱਚ ਹੀ ਕੱਪੜੇ ਉਤਾਰਕੇ ਪਿੱਠ ਪਿੱਛੇ ਲਿਖਿਆ ਅੱਤਵਾਦੀ ਅਤੇ ਪਈਆਂ ਲਾਸ਼ਾਂ ਦਿਖਾਈਆਂ। ਅਦਾਲਤ ਵਿੱਚ ਉਸ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਪਾਠ ਤੱਕ ਵੀ ਨਹੀਂ ਕਰਨ ਦਿੱਤਾ ਜਾਂਦਾ।

ਕਰਮਜੀਤ ਸਿੰਘ ਦੇ ਵਕੀਲ ਵਜੋਂ ਅਦਾਲਤ ਵਿੱਚ ਪੇਸ਼ ਹੋਏ ਐਡਵੋਕੇਟ ਬਲਵੀਰ ਕੌਰ ਸਿੱਧੂ ਨੇ ਦੱਸਿਆ ਕਿ ਬਰਨਾਲਾ ਜੇਲ੍ਹ ਪ੍ਰਸ਼ਾਸਨ ਬੁਰੀ ਤਰ੍ਹਾਂ ਦੋਸ਼ਾਂ ਵਿੱਚ ਘਿਰ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਜੇਐੱਮ ਮਾਨਸਾ ਦੀ ਅਦਾਲਤ ਨੇ ਸੀਜੇਐੱਮ-ਕਮ-ਜੁਡੀਸ਼ਲ ਮੈਜਿਸਟਰੇਟ ਬਰਨਾਲਾ ਨੂੰ ਆਦੇਸ਼ ਕਰਕੇ ਜੇਲ੍ਹ ਪ੍ਰਸਾਸਨ ਵੱਲੋਂ ਉਸ ਦੀ ਕੀਤੀ ਗਈ ਕੁੱਟਮਾਰ ਦੀ ਜਾਂਚ ਕਰਵਾਉਣ ਅਤੇ ਇਸ ਲਈ ਜ਼ਿੰਮੇਵਾਰ ਜੇਲ੍ਹ ਅਧਿਕਾਰੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਦੇ ਲਿਖਤੀ ਆਦੇਸ਼ ਕੀਤੇ ਹਨ। ਇਸ ਸਬੰਧੀ ਬਰਨਾਲਾ ਜ਼ਿਲ੍ਹਾ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਝੂਠ ਬੋਲ ਰਿਹਾ ਹੈ। ਇਸ ਵਿਅਕਤੀ ਦੇ ਖਿਲਾਫ਼ 12 ਪਰਚੇ ਦਰਜ ਹਨ, ਜਦੋਂ ਕਿ ਕਤਲ ਕੇਸ ਵਿੱਚ ਇਸ ਵਿਅਕਤੀ ਨੂੰ ਉਮਰ ਕੈਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਇਹ ਵਿਅਕਤੀ ਜੇਲ੍ਹ ਵਿੱਚ ਗੈਂਗ ਬਣਾ ਰਿਹਾ ਸੀ ਅਤੇ ਉਸ ਤੋਂ ਕੁੱਝ ਮੋਬਾਈਲ ਫੋਨ ਬਰਾਮਦ ਕੀਤੇ, ਜਿਸ ਦੀ ਖਾਰ ਵਜੋਂ ਇਹ ਦੋਸ਼ ਲਗਾ ਰਿਹਾ ਹੈ।



Source link