ਮੋਦੀ ਦੀ ਕੇਦਾਰਨਾਥ ਫੇਰੀ ਤੋਂ ਪਹਿਲਾਂ ਧਾਮੀ ਵੱਲੋਂ ਪ੍ਰਬੰਧਾਂ ਦਾ ਜਾਇਜ਼ਾ


ਦੇਹਰਾਦੂਨ, 3 ਨਵੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਨਵੰਬਰ ਨੂੰ ਕੇਦਾਰਨਾਥ ਫੇਰੀ ਤੋਂ ਪਹਿਲਾਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਤਿਆਰੀ ਪ੍ਰਬੰਧਾਂ ਦੀ ਸਮੀਖਿਆ ਕੀਤੀ। ਸ੍ਰੀ ਮੋਦੀ ਆਪਣੀ ਇਸ ਤਜਵੀਜ਼ਤ ਫੇਰੀ ਦੌਰਾਨ ਕੇਦਾਰਪੁਰੀ ਦੀ ਮੁੜ ਉਸਾਰੀ ਨਾਲ ਜੁੜੇ 400 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਆਦੀ ਗੁਰੂ ਸ਼ੰਕਰਾਚਾਰੀਆ ਦੀ ਪੁਨਰ ਨਿਰਮਤ ‘ਸਮਾਧੀ’ ਦਾ ਵੀ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਸ੍ਰੀ ਮੋਦੀ 8ਵੀਂ ਸਦੀ ਦੇ ਸੰਤ ਦੇ ਵਿਸ਼ਾਲ ਬੁੱਤ ਤੋਂ ਵੀ ਪਰਦਾ ਹਟਾਉਣਗੇ, ਜਿਸ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਆਦੀ ਗੁਰੂ ਸ਼ੰਕਰਾਚਾਰੀਆ ਦੀ ਸਮਾਧੀ ਸਾਲ 2013 ਵਿੱਚ ਕੇਦਾਰਨਾਥ ‘ਚ ਬੱਦਲ ਫੱਟਣ ਕਾਰਨ ਆਏ ਹੜ੍ਹਾਂ ਦੌਰਾਨ ਨੁਕਸਾਨੀ ਗਈ ਸੀ।

ਮੁੱਖ ਮੰਤਰੀ ਨੇ ਅੱਜ ਆਪਣੇ ਵਜ਼ਾਰਤੀ ਸਾਥੀਆਂ ਹਰਕ ਸਿੰਘ ਰਾਵਤ ਤੇ ਸੁੁਬੋਧ ਉਨਿਆਲ ਨਾਲ ਮਿਲ ਕੇ ਮੰਦਰ ਵਿੱਚ ਚੱਲ ਰਹੇ ਸਾਰੇ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ। ਧਾਮੀ ਨੇ ਕਿਹਾ, ”ਸਾਰੀਆਂ ਤਿਆਰੀਆਂ ਮੁਕੰਮਲ ਹਨ। ਕੁਝ ਨਿੱਕੇ ਮੋਟੇ ਕੰਮ ਹਨ, ਜੋ ਅੱਜ ਸ਼ਾਮ ਤੱਕ ਪੂਰੇ ਕਰ ਲੲੇ ਜਾਣਗੇ।” ਧਾਮੀ ਨੇ ਕੇਦਾਰਨਾਥ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਪ੍ਰਧਾਨ ਮੰਤਰੀ ਦੇਵਭੂਮੀ ਨੂੰ ਵਿਸ਼ਵ ਦੀ ਰੂਹਾਨੀ ਤੇ ਸਭਿਆਚਾਰਕ ਰਾਜਧਾਨੀ ਵਜੋਂ ਵਿਕਸਤ ਕਰਨ ਦਾ ਨਜ਼ਰੀਆ ਰੱਖਦੇ ਹਨ ਕਿਉਂਕਿ ਇਥੇ ਕੁਲ ਆਲਮ ਦੇ ਲੋਕ ਸਕੂਨ ਲਈ ਜੁੜਦੇ ਹਨ। ਸਾਡੇ ਲਈ ਇਹ ਮਾਣ ਵਾਲੇ ਪਲ ਹਨ। ਪ੍ਰਧਾਨ ਮੰਤਰੀ ਨੇ ਕੇਦਾਰਨਾਥ ਵਿੱਚ ਉਹ ਕੰਮ ਕੀਤੇ ਹਨ, ਜਿਸ ਦੀ ਸੈਂਕੜੇ ਸਾਲਾਂ ਤੋਂ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ।” -ਪੀਟੀਆਈSource link