ਕਵਰ ਦੇ ਨਾਲ ਕਿਸੇ ਹੋਰ ਦਾ ਪਾਸਪੋਰਟ ਵੀ ਮਿਲਿਆ


ਕੋਜ਼ੀਕੋਡ, 5 ਨਵੰਬਰ

ਕੇਰਲਾ ਦੇ ਵਾਇਨਾਡ ਜ਼ਿਲ੍ਹੇ ‘ਚ ਇਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਐਮਾਜ਼ੋਨ ਤੋਂ ਮੰਗਵਾਏ ਗਏ ਪਾਸਪੋਰਟ ਕਵਰ ਦੇ ਨਾਲ ਉਸ ਨੂੰ ਕਿਸੇ ਨਾਬਾਲਗ ਦਾ ਪਾਸਪੋਰਟ ਵੀ ਭੇਜ ਦਿੱਤਾ ਗਿਆ ਹੈ। ਕਨਿਅਮਬੇਟਾ ਦੇ ਮਿਥੁਨ ਬਾਬੂ ਨੇ 30 ਅਕਤੂਬਰ ਨੂੰ ਐਮਾਜ਼ੋਨ ਤੋਂ ਪਾਸਪੋਰਟ ਕਵਰ ਮੰਗਵਾਇਆ ਸੀ। ਪਹਿਲੀ ਨਵੰਬਰ ਨੂੰ ਉਸ ਦੇ ਘਰ ਜਦੋਂ ਪੈਕੇਟ ਆਇਆ ਤਾਂ ਉਸ ‘ਚ ਪਾਸਪੋਰਟ ਕਵਰ ਅੰਦਰ ਤ੍ਰਿਚੂਰ ਜ਼ਿਲ੍ਹੇ ਦੇ ਕੂਨਮਕੁਲਮ ਦੇ ਨਾਬਾਲਗ ਦਾ ਪਾਸਪੋਰਟ ਵੀ ਸੀ। ਬਾਬੂ ਨੇ ਇਸ ਦੀ ਜਾਣਕਾਰੀ ਐਮਾਜ਼ੋਨ ਕਸਟਮਰ ਕੇਅਰ ‘ਤੇ ਦਿੱਤੀ ਪਰ ਉਥੋਂ ਕੋਈ ਢੁੱਕਵਾਂ ਜਵਾਬ ਨਾ ਮਿਲਿਆ। ‘ਮੈਂ ਕਸਟਮਰ ਕੇਅਰ ਦੇ ਤਿੰਨ ਐਗਜ਼ੀਕਿਊਟਿਵਾਂ ਨਾਲ ਕਰੀਬ 40 ਮਿੰਟ ਤੱਕ ਮੱਥਾ ਲਾਉਂਦਾ ਰਿਹਾ ਪਰ ਕਿਸੇ ਨੇ ਵੀ ਮੈਨੂੰ ਪਾਸਪੋਰਟ ਵਰਗੇ ਅਹਿਮ ਦਸਤਾਵੇਜ਼ ਨੂੰ ਟਿਕਾਣੇ ‘ਤੇ ਪਹੁੰਚਾਉਣ ਦਾ ਕੋਈ ਰਾਹ ਨਹੀਂ ਦੱਸਿਆ। ਦੋਸਤ ਦੀ ਸਲਾਹ ‘ਤੇ ਮੈਂ ਪਾਸਪੋਰਟ ਪੁਲੀਸ ਹਵਾਲੇ ਕਰ ਦਿੱਤਾ। ਮੈਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਨਾਬਾਲਗ ਦੇ ਪਰਿਵਾਰ ਨੂੰ ਵੀ ਫੋਨ ‘ਤੇ ਇਸ ਦੀ ਜਾਣਕਾਰੀ ਦੇ ਦਿੱਤੀ ਸੀ।’ ਇਹ ਦਿਲਚਸਪ ਘਟਨਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦਰਅਸਲ ਅਕਤੂਬਰ ਦੇ ਅੱਧ ‘ਚ ਨਾਬਾਲਗ ਦੇ ਪਿਤਾ ਨੇ ਐਮਾਜ਼ੋਨ ਤੋਂ ਪਾਸਪੋਰਟ ਦਾ ਕਵਰ ਮੰਗਵਾਇਆ ਸੀ। ਪਰਿਵਾਰ ਨੂੰ ਕਵਰ ਵਧੀਆ ਨਾ ਲੱਗਿਆ ਤਾਂ ਉਨ੍ਹਾਂ ਇਹ ਮੋੜ ਦਿੱਤਾ ਪਰ ਉਹ ਕਵਰ ‘ਚੋਂ ਪਾਸਪੋਰਟ ਕੱਢਣਾ ਭੁੱਲ ਗਏ ਅਤੇ ਇਹ ਐਮਾਜ਼ੋਨ ਕੋਲ ਪਹੁੰਚ ਗਿਆ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੇ ਕਵਰ ਨੂੰ ਦੇਖੇ ਬਿਨਾਂ ਪਾਸਪੋਰਟ ਸਮੇਤ ਇਹ ਮਿਥੁਨ ਬਾਬੂ ਕੋਲ ਪਹੁੰਚਾ ਦਿੱਤਾ। ਨਾਬਾਲਗ ਦੀ ਮਾਂ ਨੇ ਦੱਸਿਆ ਕਿ ਉਹ ਕਵਰ ‘ਚੋਂ ਪਾਸਪੋਰਟ ਕੱਢਣਾ ਭੁੱਲ ਗਏ ਸਨ। -ਪੀਟੀਆਈSource link