ਰੋਹਤਕ ਘਟਨਾ: ਭਾਜਪਾ ਸੰਸਦ ਮੈਂਬਰ ਵੱਲੋਂ ਕਾਂਗਰਸ ਨੂੰ ਧਮਕੀਆਂ


ਚੰਡੀਗੜ੍ਹ, 6 ਨਵੰਬਰ

ਹਰਿਆਣਾ ਦੇ ਸ਼ਹਿਰ ਰੋਹਤਕ ਵਿੱਚ ਬੀਤੇ ਦਿਨ ਕੁਝ ਭਾਜਪਾ ਆਗੁਆਂ ਨੂੰ ਬੰਦੀ ਬਣਾਏ ਜਾਣ ਉੱਤੇ ਕਾਂਗਰਸ ਪਾਰਟੀ ਉੱਤੇ ਵਰ੍ਹਦਿਆਂ ਭਾਜਪਾ ਦੇ ਸੰਸਦ ਮੈਂਬਰ ਅਰਵਿੰਦ ਸ਼ਰਮਾ ਨੇ ਧਮਕੀ ਦਿੱਤੀ ਹੈ ਕਿ ਜੇਕਰ ਕਿਸੇ ਨੇ ਵੀ ਹਰਿਆਣਾ ਦੇ ਸਾਬਕਾ ਮੰਤਰੀ ਮਨੀਸ਼ ਗਰੋਵਰ ਉੱਤੇ ਨਿਸ਼ਾਨਾ ਸੇਧਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਜਾਣਗੀਆਂ ਤੇ ਹੱਥ ਕੱਟ ਦਿੱਤੇ ਜਾਣਗੇ। ਅਰਵਿੰਦ ਸ਼ਰਮਾ ਦਾ ਬਿਆਨ ਉਸ ਸਮੇਂ ਆਇਆ ਹੈ ਜਦੋਂ ਬੀਤੇ ਦਿਨ ਗਰੋਵਰ ਸਣੇ ਕੁਝ ਹੋਰ ਭਾਜਪਾ ਆਗੂ ਰੋਹਤਕ ਦੇ ਕਿਲੋਈ ਇਲਾਕੇ ਦੇ ਮੰਦਰ ਵਿੱਚ ਕਈ ਘੰਟੇ ਫਸ ਗਏ ਸਨ ਕਿਉਂਕਿ ਕਈ ਪਿੰਡਾਂ ਦੇ ਵਸਨੀਕ ਅਤੇ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਸਨ। ਇਸੇ ਦੌਰਾਨ ਭਾਜਪਾ ਨੇ ਅੱਜ ਰੋਹਤਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਤੇ ਉਪਰੋਕਤ ਘਟਨਾਕ੍ਰਮ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਅਰਵਿੰਦ ਸ਼ਰਮਾ ਨੇ ਹਰਿਆਣਾ ਦੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਤੇ ਉਸ ਦੇ ਪੁੱਤਰ ਦੀਪੇਂਦਰ ਹੁੱਡਾ ਉੱਤੇ ਸ਼ਬਦੀ ਹਮਲੇ ਕੀਤੇ। -ਪੀਟੀਆਈSource link