ਹਰਿਆਣਾ: ਕਿਸਾਨਾਂ ਨੇ ਭਾਜਪਾ ਸੰਸਦ ਮੈਂਬਰ ਘੇਰਿਆ


ਚੰਡੀਗੜ੍ਹ, 5 ਨਵੰਬਰ

ਮੁੱਖ ਅੰਸ਼

  • ਕਾਲੀ ਝੰਡੀਆਂ ਲੈ ਕੇ ਕਾਰ ਨੂੰ ਰੋਕਿਆ
  • ਸ਼ਰਾਰਤੀ ਅਨਸਰਾਂ ਨੇ ਭੰਨੀ ਕਾਰ

ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਨੂੰ ਹਿਸਾਰ ਜ਼ਿਲ੍ਹੇ ਦੇ ਨਾਰਨੌਂਦ ‘ਚ ਘੇਰ ਲਿਆ। ਕਿਸਾਨਾਂ ਨੇ ਜਾਂਗੜਾ ਦੀ ਕਾਰ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਉਹ ਹੱਥਾਂ ‘ਚ ਕਾਲੇ ਝੰਡੇ ਲੈ ਕੇ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਇਸ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਡਾਂਗਾਂ ਮਾਰ ਕੇ ਜਾਂਗੜਾ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਪੁਲੀਸ ਨੇ ਕੁਝ ਕਿਸਾਨਾਂ ਨੂੰ ਹਿਰਾਸਤ ‘ਚ ਲਿਆ ਹੈ ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਉਂਜ ਇਸ ਘਟਨਾ ਵਿੱਚ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਹੈ ਪਰ ਸੰਸਦ ਮੈਂਬਰ ਨੇ ਇਸ ਘਟਨਾ ਨੂੰ ‘ਹੱਤਿਆ ਦੀ ਸਪੱਸ਼ਟ ਕੋਸ਼ਿਸ਼’ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਕਿਸਾਨ ਹਰਿਆਣਾ ਦੀ ਸੱਤਾਧਾਰੀ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜਜਪਾ) ਦੇ ਆਗੂਆਂ ਦੇ ਸਮਾਗਮਾਂ ਦਾ ਲਗਾਤਾਰ ਵਿਰੋਧ ਕਰਦੇ ਆ ਰਹੇ ਹਨ।

ਪੁਲੀਸ ਦੇ ਆਉਣ ਮਗਰੋਂ ਹੀ ਰਾਜ ਸਭਾ ਮੈਂਬਰ ਨੂੰ ਅੱਗੇ ਜਾਣ ਦਿੱਤਾ ਗਿਆ। ਜਾਂਗੜਾ ਨੇ ਕਿਹਾ ਕਿ ਪੁਲੀਸ ਅਫ਼ਸਰਾਂ ਮੁਤਾਬਕ ਭੰਨ-ਤੋੜ ਦੇ ਸਬੰਧ ‘ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ,’ਆਪਣੇ ਇਕ ਸਮਾਗਮ ਮਗਰੋਂ ਮੈਂ ਇਕ ਹੋਰ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਇਸੇ ਦੌਰਾਨ ਕੁਝ ਸ਼ਰਾਰਤੀ ਤੱਤਾਂ ਨੇ ਮੇਰੀ ਕਾਰ ‘ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਜੋ ਬੁਰੀ ਤਰ੍ਹਾਂ ਨੁਕਸਾਨੀ ਗਈ।’ ਉਨ੍ਹਾਂ ਦੱਸਿਆ ਕਿ ਉਹ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਹੋਏ ਸਨ। ਸੰਸਦ ਮੈਂਬਰ ਨੇ ਦੱਸਿਆ,’ਮੈਂ ਇਸ ਘਟਨਾ ਸਬੰਧੀ ਹਰਿਆਣਾ ਦੇ ਡੀਜੀਪੀ ਅਤੇ ਐੱਸਪੀ ਨਾਲ ਗੱਲ ਕੀਤੀ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਮੁਤਾਬਕ ਸਜ਼ਾ ਦੀ ਮੰਗ ਕੀਤੀ। ਇਹ ਹੱਤਿਆ ਦੀ ਸਪੱਸ਼ਟ ਕੋਸ਼ਿਸ਼ ਸੀ।’ ਜਾਂਗੜਾ ਨੇ ਕਿਹਾ,’ਮੈਂ ਨਰਵਾਣਾ ਅਤੇ ਉਚਾਨਾ ਵਿੱਚ ਦੋ ਹੋਰ ਸਮਾਗਮਾਂ ਵਿੱਚ ਸ਼ਾਮਲ ਹੋਣਾ ਸੀ, ਕਾਰ ਨੁਕਸਾਨੇ ਜਾਣ ਕਾਰਨ ਮੈਨੂੰ ਦੌਰਾ ਰੱਦ ਕਰਨਾ ਪਿਆ।’ ਉਨ੍ਹਾਂ ਕਿਹਾ, ‘ਮੈਂ ਸਮਾਜਿਕ ਸਮਾਗਮ ਵਿੱਚ ਸ਼ਾਮਲ ਹੋਣਾ ਸੀ, ਨਾ ਕਿ ਸਿਆਸੀ ਸਮਾਗਮ ਵਿੱਚ। ਕੀ ਹੁਣ ਉਹ (ਕਿਸਾਨ) ਸਮਾਜਿਕ ਸਮਾਗਮਾਂ ਦਾ ਵੀ ਵਿਰੋਧ ਕਰਨਗੇ?’ ਗ਼ੌਰਤਲਬ ਹੈ ਕਿ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਈ ਕਿਸਾਨ ਪਿਛਲੇ ਵਰ੍ਹੇ ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਅੰਦੋਲਨ ਕਰ ਰਹੇ ਹਨ। -ਪੀਟੀਆਈSource link