ਜਲਵਾਯੂ ਸੰਮੇਲਨ: ਕੋਲੇ ਦੀ ਮੁਕੰਮਲ ਵਰਤੋਂ ਖ਼ਤਮ ਕਰਨ ਦੇ ਸੱਦੇ ਤੋਂ ਪਿੱਛੇ ਹਟੇ ਵਾਰਤਾਕਾਰ


ਗਲਾਸਗੋ, 12 ਨਵੰਬਰ

ਸਕਾਟਲੈਂਡ ਦੇ ਗਲਾਸਗੋ ‘ਚ ਚੱਲ ਰਹੇ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ‘ਚ ਵਾਰਤਾਕਾਰ ਕੋਲੇ ਦੀ ਹਰ ਤਰ੍ਹਾਂ ਦੀ ਵਰਤੋਂ ਅਤੇ ਪਥਰਾਟੀ ਈਂਧਣ ਸਬਸਿਡੀ ਨੂੰ ਮੁਕੰਮਲ ਤੌਰ ‘ਤੇ ਖ਼ਤਮ ਕਰਨ ਦੇ ਸੱਦੇ ਤੋਂ ਪਿੱਛੇ ਹਟਦੇ ਦਿਖਾਈ ਦੇ ਰਹੇ ਹਨ। ਉਂਜ ਗਰੀਬ ਮੁਲਕਾਂ ਨੂੰ ਆਲਮੀ ਤਪਸ਼ ਨਾਲ ਸਿੱਝਣ ਲਈ ਹੋਰ ਵਿੱਤੀ ਮਦਦ ਦਿੱਤੇ ਜਾਣ ਦੀ ਉਮੀਦ ਜਾਗੀ ਹੈ। ਅੱਜ ਜਾਰੀ ਕੀਤੇ ਗਏ ਨਵੇਂ ਖਰੜਾ ਪ੍ਰਸਤਾਵਾਂ ‘ਚ ਮੁਲਕਾਂ ਨੂੰ ਕੋਲੇ ਤੋਂ ਪੈਦਾ ਹੋਣ ਵਾਲੀ ਬਿਜਲੀ ਅਤੇ ਪਥਰਾਟੀ ਈਂਧਣ ਲਈ ਸਬਸਿਡੀ ਪੜਾਅਵਾਰ ਢੰਗ ਨਾਲ ਬੰਦ ਕਰਨ ਦੇ ਅਮਲ ‘ਚ ਤੇਜ਼ੀ ਲਿਆਉਣ ਦਾ ਸੱਦਾ ਦਿੱਤਾ ਗਿਆ ਹੈ। ਪਹਿਲਾਂ ਵਾਲਾ ਮਤਾ ਸਖ਼ਤ ਸੀ ਅਤੇ ਮੁਲਕਾਂ ਨੂੰ ਇਹ ਅਮਲ ਮੁਕੰਮਲ ਤੌਰ ‘ਤੇ ਖ਼ਤਮ ਕਰਨ ਲਈ ਕਿਹਾ ਗਿਆ ਸੀ। ਮਤੇ ਦੀ ਭਾਸ਼ਾ ‘ਚ ਬਦਲਾਅ ਨੇ ਇਨ੍ਹਾਂ ਸ਼ਰਤਾਂ ‘ਚ ਫੇਰਬਦਲ ਦੇ ਸੰਕੇਤ ਦਿੱਤੇ ਹਨ। ਜੇਕਰ ਇਸ ‘ਤੇ ਸਹਿਮਤੀ ਹੋ ਜਾਂਦੀ ਹੈ ਤਾਂ ਇਸ ਨਾਲ ਕੋਲੇ ਦੀ ਵਰਤੋਂ ਅਤੇ ਪਥਰਾਟੀ ਈਂਧਣ ‘ਤੇ ਸਬਸਿਡੀ ਦੇਣ ਦਾ ਮੌਕਾ ਮਿਲ ਸਕਦਾ ਹੈ। ਆਲਮੀ ਤਪਸ਼ ਲਈ ਜ਼ਿੰਮੇਵਾਰ ਪਥਰਾਟੀ ਈਂਧਣ ਦੀ ਲਗਾਤਾਰ ਵਰਤੋਂ ਨਾਲ ਨਜਿੱਠਣ ਦਾ ਸਵਾਲ ਦੋ ਹਫ਼ਤੇ ਦੀ ਇਸ ਵਾਰਤਾ ਦੇ ਅਹਿਮ ਨੁਕਤਿਆਂ ‘ਚੋਂ ਇਕ ਰਿਹਾ। ਵਿਗਿਆਨਕ ਇਸ ਗੱਲ ਨਾਲ ਸਹਿਮਤ ਹਨ ਕਿ 2015 ਦੇ ਪੈਰਿਸ ਸਮਝੌਤੇ ਤਹਿਤ ਆਲਮੀ ਤਪਸ਼ ਨੂੰ 1.5 ਡਿਗਰੀ ਸੈਲਸੀਅਸ ‘ਤੇ ਰੋਕਣ ਦੇ ਟੀਚੇ ਨੂੰ ਪੂਰਾ ਕਰਨ ਲਈ ਇਨ੍ਹਾਂ ਦੀ ਵਰਤੋਂ ਛੇਤੀ ਤੋਂ ਛੇਤੀ ਬੰਦ ਕਰਨਾ ਜ਼ਰੂਰੀ ਹੈ।

ਇਸ ਤੋਂ ਇਲਾਵਾ ਗਰੀਬ ਮੁਲਕਾਂ ਨੂੰ ਜਲਵਾਯੂ ਪਰਿਵਰਤਨ ਨਾਲ ਸਿੱਝਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਮੁੱਦੇ ‘ਤੇ ਵੀ ਚਰਚਾ ਚੱਲ ਰਹੀ ਹੈ। ਅਮੀਰ ਮੁਲਕ ਉਨ੍ਹਾਂ ਨੂੰ 2020 ਤੱਕ ਸਾਲਾਨਾ ਨਿਰਧਾਰਿਤ 100 ਅਰਬ ਡਾਲਰ ਦੇਣ ‘ਚ ਨਾਕਾਮ ਰਹੇ ਹਨ ਜਿਸ ਕਾਰਨ ਵਿਕਾਸਸ਼ੀਲ ਮੁਲਕ ਨਾਰਾਜ਼ ਹਨ। -ਏਪੀ

ਜਲਵਾਯੂ ਪਰਿਵਰਤਨ ਨਾਲ ਸਿੱਝਣ ਲਈ ਦੁਨੀਆ ਰਲ ਕੇ ਕੰਮ ਕਰੇ: ਯਾਦਵ

ਨਵੀਂ ਦਿੱਲੀ: ਕੇਂਦਰੀ ਵਾਤਾਵਰਣ, ਜੰਗਾਲਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੁਪੇਂਦਰ ਯਾਦਵ ਨੇ ਕਿਹਾ ਹੈ ਕਿ ਦੁਨੀਆ ਨੂੰ ਜਲਵਾਯੂ ਪਰਿਵਰਤਨ ਨਾਲ ਸਿੱਝਣ ਲਈ ਤਾਪਮਾਨ, ਵਿੱਤ ਅਤੇ ਜ਼ਿੰਮੇਵਾਰੀ ਜਿਹੇ ਮੁੱਦਿਆਂ ਲਈ ਰਲ ਕੇ ਕੰਮ ਕਰਨਾ ਚਾਹੀਦਾ ਹੈ। ਗਲਾਸਗੋ ‘ਚ ਸੰਮੇਲਨ ਦੀ ਸਮਾਪਤੀ ਤੋਂ ਪਹਿਲਾਂ ਯਾਦਵ ਨੇ ਆਪਣੇ ਬਲੌਗ ‘ਤੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਇਹ ਪੈਰਿਸ ਸਮਝੌਤੇ ਤਹਿਤ ਦਿੱਤੇ ਗਏ ਵਚਨਾਂ ਨੂੰ ਪੂਰਾ ਕਰਨ ਦਾ ਸਮਾਂ ਹੈ। ਇਸ ਤਹਿਤ ਆਲਮੀ ਤਪਸ਼ ਨੂੰ ਘਟਾ ਕੇ 1.5 ਡਿਗਰੀ ਸੈਲਸੀਅਸ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਪਸੀ ਸਹਿਯੋਗ ਅਤੇ ਦੂਜਿਆਂ ਦੇ ਵਿਚਾਰਾਂ ਤੇ ਸਮਰੱਥਾ ਦਾ ਸਤਿਕਾਰ ਕਰਦਿਆਂ ਵਾਤਾਵਰਣ ਨੂੰ ਦਰਪੇਸ਼ ਚੁਣੌਤੀਆਂ ਦਾ ਰਲ ਕੇ ਸਾਹਮਣਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਛੋਟਾ ਜਾਂ ਵੱਡਾ ਕੋਈ ਵੀ ਮੁਲਕ ਹੋਵੇ, ਉਹ ਇਕੱਲਿਆਂ ਪ੍ਰਿਥਵੀ ਨੂੰ ਨਹੀਂ ਬਚਾ ਸਕਦਾ ਹੈ। -ਆਈਏਐਨਐਸ



Source link