ਲੰਡਨ: ਪਰਵਾਸੀ ਪੰਜਾਬੀ ਨੂੰ ਪਤਨੀ ਦੀ ਹੱਤਿਆ ਦੇ ਦੋਸ਼ ’ਚ ਉਮਰ ਕੈਦ


ਲੰਡਨ, 16 ਨਵੰਬਰ

ਬਰਤਾਨੀਆ ਦੀ ਅਦਾਲਤ ਨੇ ਭਾਰਤੀ ਮੂਲ ਪੰਜਾਬੀ ਵਿਅਕਤੀ ਨੂੰ ਆਪਣੀ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੱਖਣ-ਪੂਰਬੀ ਇੰਗਲੈਂਡ ਦੇ ਮਿਲਟਨ ਕੀਨਜ਼ ਦੇ ਰਹਿਣ ਵਾਲੇ ਅਨਿਲ ਗਿੱਲ (47) ਨੂੰ ਰਣਜੀਤ ਗਿੱਲ (43) ਦੀ ਹੱਤਿਆ ਦੇ ਸ਼ੱਕ ਵਿੱਚ ਇਸ ਸਾਲ ਜਨਵਰੀ ਵਿੱਚ ਟੇਮਸ ਵੈਲੀ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ। ਅਨਿਲ ਨੇ ਪੁਲੀਸ ਨੂੰ ਫੋਨ ਕਰਕੇ ਆਪਣੇ ਘਰ ਬੁਲਾਇਆ ਸੀ। ਪੁਲੀਸ ਅਧਿਕਾਰੀਆਂ ਨੂੰ ਜਾਂਚ ਦੌਰਾਨ ਰਣਜੀਤ ਦੀ ਲਾਸ਼ ਘਰ ਦੇ ਗਰਾਜ ਵਿੱਚ ਰਜਾਈ ਅਤੇ ਕੂੜੇ ਦੇ ਥੈਲੇ ਵਿੱਚ ਲਪੇਟੀ ਹੋਈ ਮਿਲੀ ਸੀ ਅਤੇ ਸਰੀਰ ‘ਤੇ ਸੱਟਾਂ ਦੇ ਕਈ ਨਿਸ਼ਾਨ ਸਨ। ਇਹ ਜਲਦੀ ਹੀ ਸਪੱਸ਼ਟ ਹੋ ਗਿਆ ਕਿ ਉਸ ਦੀ ਮੌਤ ਥੋੜ੍ਹੀ ਦੇਰ ਪਹਿਲਾਂ ਹੋ ਗਈ ਸੀ। ਪੋਸਟਮਾਰਟਮ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਣਜੀਤ ਦੀ ਮੌਤ ਕਈ ਵਾਰ ਚਾਕੂ ਮਾਰਨ ਕਾਰਨ ਹੋਈ ਹੈ। ਪਹਿਲਾਂ ਤਾਂ ਅਨਿਲ ਨੇ ਕਤਲ ਤੋਂ ਇਨਕਾਰ ਕੀਤਾ ਪਰ ਬਾਅਦ ਵਿੱਚ ਮੰਨ ਗਿਆ। ਉਸ ਨੇ ਆਪਣੀ ਪਤਨੀ ਨੂੰ 18 ਵਾਰੀ ਚਾਕੂ ਮਾਰੇ। ਉਸ ਨੂੰ ਸਾਰੀ ਉਮਰ ਜੇਲ੍ਹ ਵਿੱਚ ਰਹਿਣਾ ਪਵੇਗਾ ਤੇ 22 ਸਾਲ ਬਾਅਦ ਪੈਰੋਲ ਮਿਲੇਗੀ।Source link