ਐੱਨਐੱਚਐੱਮ ਕਾਮਿਆਂ ਨੇ 5ਵੇਂ ਦਿਨ ਵੀ ਸਿਹਤ ਸੇਵਾਵਾਂ ਰੱਖੀਆਂ ਠੱਪ


ਬਲਵਿੰਦਰ ਰੈਤ

ਨੂਰਪੁਰ ਬੇਦੀ, 20 ਨਵੰਬਰ

ਕੇਂਦਰ ਸਰਕਾਰ ਦੀ ਸਕੀਮ ਤਹਿਤ ਕੰਮ ਕਰਦੇ ਐੱਨਐੱਚਐੱਮ ਦੇ ਸਿਹਤ ਮੁਲਾਜ਼ਮਾਂ ਨੇ ਸਰਕਾਰੀ ਹਸਪਤਾਲ ਸਿੰਘਪੁਰ ਵਿੱਚ ਰੈਗੂਲਰ ਹੋਣ ਦੀ ਮੰਗ ਸਬੰਧੀ ਚੱਲ ਰਹੇ ਸੰਘਰਸ਼ ਦੇ ਅੱਜ 5ਵੇਂ ਦਿਨ ਵੀ ਸਮੁੱਚੀਆਂ ਸਿਹਤ ਸੇਵਾਵਾਂ ਠੱਪ ਰੱਖੀਆਂ। ਜਥੇਬੰਦੀ ਦੇ ਨਰਿੰਦਰਪਾਲ ਤੇ ਸੀਐੱਚਓ ਨੀਰੂ ਬਾਲਾ ਨੇ ਕਿਹਾ ਕਿਪਿਛਲੇ ਕਾਫੀ ਲੰਬੇ ਸਮੇਂ ਤੋਂ ਕੇਂਦਰੀ ਸਕੀਮ ਤਹਿਤ ਕੰਮ ਕਰ ਰਹੇ ਐੱਨਐੱਚਐੱਮ ਮੁਲਾਜ਼ਮਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਅਦਿਆਂ ਦੇ ਨਾਂ ‘ਤੇ ਉਨ੍ਹਾਂ ਨਾਲ ਹਰ ਵਾਰ ਧੋਖਾ ਕੀਤਾ ਜਾਂਦਾ ਰਿਹਾ ਹੈ। ਬਲਾਕ ਪ੍ਰਧਾਨ ਰਣਜੀਤ ਸਿੰਘ ਤੇ ਸੀਐੱਚਓ ਮਨੀਸ਼ਾ ਨੇ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਮੁਲਾਜ਼ਮਾਂ ਵੱਲੋਂ 5 ਦਿਨਾਂ ਤੋਂ ਸਮੁੱਚੀਆਂ ਸੇਵਾਵਾਂ ਠੱਪ ਰੱਖੀਆਂ ਹੋਈਆਂ ਹਨ ਅਤੇ ਜਦੋਂ ਤੱਕ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ, ਉਹ ਕੋਈ ਵੀ ਕੰਮ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ‘ਚ ਇਹ ਮੁਲਾਜ਼ਮ ਪੰਜਾਬ ਸਰਕਾਰ ਦੀ ਭਰਤੀ ਪ੍ਰਕਿਰਿਆ ਪੂਰੀ ਕਰ ਕੇ ਹੀ ਭਰਤੀ ਹੋਏ ਹਨ। ਕਈ ਮੁਲਾਜ਼ਮ ਪਿਛਲੇ 15 ਸਾਲਾਂ ਤੋਂ ਕੰਟਰੈਕਟ ‘ਤੇ ਹੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਕੋਰੋਨਾ ਕਾਲ ‘ਚ ਵੀ ਸਿਹਤ ਵਿਭਾਗ ‘ਚ ਐੱਨ.ਐੱਚ.ਐੱਮ. ਮੁਲਾਜ਼ਮਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਜਿਸ ਨੂੰ ਸਰਕਾਰ ਨੇ ਅਣਦੇਖਾ ਕਰ ਦਿੱਤਾ ਹੈ। ਇਹ ਮੁਲਾਜ਼ਮ ਰੈਗੂਲਰ ਮੁਲਾਜ਼ਮਾਂ ਦੇ ਮੁਕਾਬਲੇ ਬਹੁਤ ਹੀ ਘੱਟ ਤਨਖਾਹ ‘ਤੇ ਕੰਮ ਕਰ ਰਹੇ ਹਨ।

ਬਨੂੜ ਹਸਪਤਾਲ ਵਿੱਚ ਹੜਤਾਲ

ਬਨੂੜ (ਕਰਮਜੀਤ ਸਿੰਘ ਚਿੱਲਾ): ਇੱਥੋਂ ਦੇ ਕਮਿਊਨਿਟੀ ਸਿਹਤ ਕੇਂਦਰ ਵਿੱਚ ਠੇਕੇ ਅਤੇ ਐੱਨਐੱਚਐੱਮ ਅਧੀਨ ਕੰਮ ਕਰਦੇ ਡਾਕਟਰਾਂ, ਨਰਸਾਂ ਅਤੇ ਸਫ਼ਾਈ ਸੇਵਕਾਂ ਨੇ ਅੱਜ ਮੰਗਾਂ ਸਬੰਧੀ ਹੜਤਾਲ ਕੀਤੀ। ਇਸ ਮੌਕੇ ਉਨ੍ਹਾਂ ਕਰੋਨਾ ਯੋਧਿਆਂ ਅਤੇ ਕੱਚੇ ਕਰਮਚਾਰੀਆਂ ਨੂੰ ਤੁਰੰਤ ਪੱਕਾ ਕਰਨ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪੀਸੀਐੱਮਐੱਸ ਐਸੋਸੀਏਸ਼ਨ ਦੇ ਸੂਬਾਈ ਆਗੂ ਡਾ ਗਗਨਦੀਪ ਸਿੰਘ ਸ਼ੇਰ ਗਿੱਲ ਨੇ ਵੀ ਧਰਨਾਕਾਰੀਆਂ ਦੀ ਹਮਾਇਤ ਦਾ ਐਲਾਨ ਕਰਦਿਆਂ ਹੜਤਾਲ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਡਾ. ਅਰੁਣਦੀਪ ਕੌਰ, ਸਟਾਫ਼ ਨਰਸਾਂ ਸੁਮਨ ਰਾਣੀ, ਬੇਅੰਤ ਕੌਰ, ਪਰਮਦੀਪ ਕੌਰ, ਦੀਕਸ਼ਾ ਸ਼ਰਮਾ, ਸਫ਼ਾਈ ਸੇਵਕ ਰਵਿੰਦਰ ਕੁਮਾਰ, ਸੰਦੀਪ ਅਤੇ ਕਮਲੇਸ਼ ਨੇ ਚਿਤਾਵਨੀ ਦਿੱਤੀ ਕਿ ਪੰਜਾਬ ਸਰਕਾਰ ਤੁਰੰਤ ਉਨ੍ਹਾਂ ਨੂੰ ਪੱਕਾ ਕਰੇ, ਨਹੀਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।Source link