ਯੂਪੀ ਨੂੰ ਕੇਰਲਾ, ਕਸ਼ਮੀਰ ਜਾਂ ਬੰਗਾਲ ਨਾ ਬਣਨ ਦਿੱਤਾ ਜਾਵੇ: ਆਦਿੱਤਿਆਨਾਥ


ਲਖਨਊ, 10 ਫਰਵਰੀ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਲੋਕਾਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਹੈ ਕਿ ਉਹ ਭਾਜਪਾ ਨੂੰ ਮੁੜ ਸੱਤਾ ‘ਚ ਲਿਆਉਣ ਨਹੀਂ ਤਾਂ ਸੂਬੇ ਦੇ ‘ਕਸ਼ਮੀਰ, ਕੇਰਲਾ ਜਾਂ ਬੰਗਾਲ’ ‘ਚ ਤਬਦੀਲ ਹੋਣ ਦੀ ਸੰਭਾਵਨਾ ਲਈ ਉਹ ਤਿਆਰ ਰਹਿਣ। ਯੂਪੀ ‘ਚ ਪਹਿਲੇ ਗੇੜ ਦੀਆਂ ਅੱਜ ਚੋਣਾਂ ਤੋਂ ਪਹਿਲਾਂ ਟਵਿੱਟਰ ‘ਤੇ ਛੇ ਮਿੰਟ ਦੇ ਜਾਰੀ ਕੀਤੇ ਗਏ ਵੀਡੀਓ ਸੁਨੇਹੇ ‘ਚ ਯੋਗੀ ਨੇ ਇਹ ਟਿੱਪਣੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੰਗਾਕਾਰੀਆਂ ‘ਤੇ ਉਨ੍ਹਾਂ ਦੀ ਸਰਕਾਰ ਨੇ ਲਗਾਮ ਲਗਾਈ ਅਤੇ ਹੁਣ ਉਹ ਔਖੇ ਹੋ ਰਹੇ ਹਨ। ‘ਅਤਿਵਾਦੀ ਵੀ ਧਮਕੀਆਂ ਦੇ ਰਹੇ ਹਨ। ਚੌਕਸ ਰਹੋ। ਜੇਕਰ ਤੁਸੀਂ ਇਸ ਵਾਰ ਮੌਕਾ ਗੁਆ ਬੈਠੇ ਤਾਂ ਪੰਜ ਸਾਲਾਂ ‘ਚ ਕੀਤੀਆਂ ਗਈਆਂ ਕੋਸ਼ਿਸ਼ਾਂ ‘ਤੇ ਪਾਣੀ ਪੈ ਜਾਵੇਗਾ। ਫਿਰ ਯੂਪੀ ਨੂੰ ਕਸ਼ਮੀਰ, ਕੇਰਲਾ ਜਾਂ ਬੰਗਾਲ ਬਣਨ ‘ਚ ਦੇਰ ਨਹੀਂ ਲੱਗੇਗੀ।’ ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਵੋਟ ਤੁਹਾਡੇ ਡਰ ਤੋਂ ਬਿਨਾਂ ਜਿਊਣ ਦੀ ਗਾਰੰਟੀ ਹੈ। ਯੋਗੀ ਨੇ ਕਿਹਾ ਕਿ ਉਹ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਯੂਪੀ ਹੁਣ ਪੇਸ਼ੇਵਰ ਅਪਰਾਧੀਆਂ ਅਤੇ ਮਾਫ਼ੀਆ ਦੀ ਦਹਿਸ਼ਤ ਤੋਂ ਮੁਕਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਹੁਣ ਬਿਨਾਂ ਕਿਸੇ ਸਿਆਸੀ ਦਖ਼ਲ ਦੇ ਕੰਮ ਕਰਦੀ ਹੈ ਅਤੇ ਮਹਿਲਾਵਾਂ ਵੀ ਇਕੱਲੀਆਂ ਇਕ ਤੋਂ ਦੂਜੀ ਥਾਂ ‘ਤੇ ਜਾ ਸਕਦੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਪੱਖਪਾਤੀ ਢੰਗ ਨਾਲ ਕਦੇ ਵੀ ਕੰਮ ਨਹੀਂ ਕੀਤਾ ਅਤੇ ਨਾ ਕੋਈ ਘੁਟਾਲਾ ਤੇ ਨਾ ਹੀ ਇਕ ਪੈਸੇ ਦੇ ਭ੍ਰਿਸ਼ਟਾਚਾਰ ਦਾ ਦੋਸ਼ ਉਨ੍ਹਾਂ ਖ਼ਿਲਾਫ਼ ਲੱਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ‘ਚ ਪਿਛਲੇ 70 ਸਾਲਾਂ ‘ਚ ਸਭ ਤੋਂ ਜ਼ਿਆਦਾ ਵਿਕਾਸ ਦੇ ਕੰਮ ਪਿਛਲੇ ਪੰਜ ਸਾਲਾਂ ਦੌਰਾਨ ਹੋਏ ਹਨ। -ਪੀਟੀਆਈ

ਜੰਮੂ ਕਸ਼ਮੀਰ ਦੇ ਹਾਲਾਤ ਯੂਪੀ ਨਾਲੋਂ ਕਿਤੇ ਬਿਹਤਰ: ਉਮਰ ਅਬਦੁੱਲਾ

ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਨੇ ਯੋਗੀ ‘ਤੇ ਵਰ੍ਹਦਿਆਂ ਕਿਹਾ ਕਿ ਜੰਮੂ ਕਸ਼ਮੀਰ ‘ਚ ਯੂਪੀ ਨਾਲੋਂ ਘੱਟ ਗਰੀਬੀ, ਬਿਹਤਰ ਮਨੁੱਖੀ ਵਿਕਾਸ ਅੰਕੜੇ, ਘੱਟ ਅਪਰਾਧ ਅਤੇ ਜਿਉਣ ਦਾ ਪੱਧਰ ਬਿਹਤਰ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਜੰਮੂ ਕਸ਼ਮੀਰ ‘ਚ ਭਾਵੇਂ ਪਿਛਲੇ ਤਿੰਨ-ਚਾਰ ਸਾਲਾਂ ਤੋਂ ਚੰਗੇ ਸ਼ਾਸਨ ਦੀ ਕਮੀ ਹੈ ਪਰ ਇਹ ਆਰਜ਼ੀ ਹਾਲਾਤ ਹਨ। ਕਾਂਗਰਸ ਦੇ ਲੋਕ ਸਭਾ ‘ਚ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਆਦਿੱਤਿਆਨਾਥ ਪੂਰਬੀ ਸੂਬਿਆਂ ਅਤੇ ਧਰਮਨਿਰਪੱਖ ਰਵਾਇਤਾਂ ਬਾਰੇ ਕੁਝ ਵੀ ਨਹੀਂ ਜਾਣਦਾ ਹੈ। ਉਨ੍ਹਾਂ ਕਿਹਾ ਕਿ ਯੂਪੀ ਨਾਲੋਂ ਪੱਛਮੀ ਬੰਗਾਲ ‘ਚ ਅਮਨੋ ਅਮਾਨ ਦੀ ਹਾਲਤ ਬਹੁਤ ਵਧੀਆ ਹੈ।

ਵਿਜਯਨ ਨੇ ਕੇਰਲਾ ਖ਼ਿਲਾਫ਼ ਬਿਆਨ ‘ਤੇ ਆਦਿੱਤਿਆਨਾਥ ਨੂੰ ਘੇਰਿਆ

ਤਿਰੂਵਨੰਤਪੁਰਮ: ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਵੀ ਡੀ ਸਤੀਸ਼ਨ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਕੇਰਲਾ ਖ਼ਿਲਾਫ਼ ਦਿੱਤੇ ਗਏ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਹੈ। ਵਿਜਯਨ, ਜੋ ਸੀਪੀਐੱਮ ਦੇ ਸੀਨੀਅਰ ਆਗੂ ਵੀ ਹਨ, ਨੇ ਕਿਹਾ ਕਿ ਜੇਕਰ ਉੱਤਰੀ ਭਾਰਤ ਦਾ ਸੂਬਾ ਕੇਰਲਾ ਵਾਂਗ ਵਿਕਸਤ ਹੁੰਦਾ ਹੈ ਤਾਂ ਲੋਕ ਸ਼ਾਂਤੀ ਅਤੇ ਬਿਹਤਰ ਸਹੂਲਤਾਂ ਦਾ ਆਨੰਦ ਮਾਨਣਗੇ। ਉਨ੍ਹਾਂ ਟਵੀਟ ਕਰਕੇ ਕਿਹਾ,”ਜੇਕਰ ਯੂਪੀ, ਕੇਰਲਾ ਬਣ ਜਾਂਦਾ ਹੈ ਤਾਂ ਉਥੇ ਬਿਹਤਰ ਸਿੱਖਿਆ, ਸਿਹਤ ਸੇਵਾਵਾਂ, ਸਮਾਜ ਭਲਾਈ, ਅਤੇ ਜਿਊਣ ਦਾ ਮਿਆਰ ਵਧੀਆ ਹੋਵੇਗਾ। ਲੋਕ ਮਿਲ ਕੇ ਰਹਿਣਗੇ ਜਿਥੇ ਧਰਮ ਅਤੇ ਜਾਤ ਦੇ ਨਾਮ ‘ਤੇ ਲੋਕਾਂ ਦੀ ਹੱਤਿਆ ਨਹੀਂ ਹੋਵੇਗੀ। ਇਹੋ ਯੂਪੀ ਦੇ ਲੋਕ ਚਾਹੁੰਦੇ ਹਨ।” ਉਧਰ ਕਾਂਗਰਸ ਆਗੂ ਸਤੀਸ਼ਨ ਨੇ ਟਵੀਟ ਕਰਕੇ ਯੂਪੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇਰਲਾ ਵਾਂਗ ਬਣਨ ਲਈ ਮੱਧਕਾਲੀ ਕੱਟੜਵਾਦ ਦੀ ਬਜਾਏ ਬਹੁਲਵਾਦ, ਸਦਭਾਵਨਾ ਅਤੇ ਸਮੁੱਚੇ ਵਿਕਾਸ ਦੀ ਚੋਣ ਕਰਨ। ਕੇਰਲਾ, ਬੰਗਾਲ ਅਤੇ ਕਸ਼ਮੀਰੀ ਲੋਕ ਵੀ ਭਾਰਤੀ ਹਨ। -ਪੀਟੀਆਈ

ਦੇਸ਼ ਦੀ ਮੂਲ ਆਤਮਾ ਦਾ ਅਪਮਾਨ ਨਾ ਕਰੋ: ਰਾਹੁਲ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਯੋਗੀ ਆਦਿੱਤਿਆਨਾਥ ਦੇ ਵਿਵਾਦਤ ਬਿਆਨ ‘ਤੇ ਕਿਹਾ ਕਿ ਦੇਸ਼ ਆਪਣੇ ਸਾਰੇ ਰੰਗਾਂ ‘ਚ ਖੂਬਸੂਰਤ ਹੈ ਅਤੇ ਦੇਸ਼ ਦੀ ਮੂਲ ਆਤਮਾ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਹੈ। ਯੋਗੀ ਨੇ ਬਿਆਨ ‘ਚ ਕਿਹਾ ਹੈ ਕਿ ਜੇਕਰ ਇਸ ਵਾਰ ਵੋਟਰ ਅਵੇਸਲੇ ਰਹਿ ਗਏ ਤਾਂ ਯੂਪੀ ਨੂੰ ਕਸ਼ਮੀਰ, ਬੰਗਾਲ ਅਤੇ ਕੇਰਲਾ ਬਣਨ ‘ਚ ਦੇਰ ਨਹੀਂ ਲੱਗੇਗੀ। ਇਸ ਬਿਆਨ ‘ਤੇ ਰਾਹੁਲ ਨੇ ਟਵੀਟ ਕਰਕੇ ਕਿਹਾ,”ਸਾਡੇ ਸੰਘ ‘ਚ ਤਾਕਤ ਹੈ। ਇਹ ਸੱਭਿਆਚਾਰ, ਵਿਭਿੰਨਤਾ, ਭਾਸ਼ਾਵਾਂ, ਲੋਕਾਂ ਅਤੇ ਸੂਬਿਆਂ ਦਾ ਸੰਘ ਹੈ। ਕਸ਼ਮੀਰ ਤੋਂ ਕੇਰਲਾ, ਗੁਜਰਾਤ ਤੋਂ ਪੱਛਮੀ ਬੰਗਾਲ ਤੱਕ ਭਾਰਤ ਆਪਣੇ ਸਾਰੇ ਰੰਗਾਂ ‘ਚ ਖੂਬਸੂਰਤ ਹੈ। ਭਾਰਤ ਦੀ ਮੂਲ ਆਤਮਾ ਦਾ ਅਪਮਾਨ ਨਾ ਕਰੋ।” ਉਧਰ ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਵੀ ਟਵੀਟ ਕਰਕੇ ਕਿਹਾ ਕਿ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਜੇਕਰ ਭਾਜਪਾ ਸੱਤਾ ‘ਚ ਨਹੀਂ ਆਉਂਦੀ ਹੈ ਤਾਂ ਯੂਪੀ, ਕਸ਼ਮੀਰ, ਪੱਛਮੀ ਬੰਗਾਲ ਜਾਂ ਕੇਰਲਾ ਬਣ ਜਾਵੇਗਾ। ਜੇਕਰ ਇੰਜ ਹੁੰਦਾ ਹੈ ਤਾਂ ਯੂਪੀ ਕਿਸਮਤ ਵਾਲਾ ਹੋਵੇਗਾ। ਉਨ੍ਹਾਂ ਕਿਹਾ,”ਕਸ਼ਮੀਰ ਦੀ ਖੂਬਸੂਰਤੀ, ਬੰਗਾਲ ਦੇ ਸੱਭਿਆਚਾਰ ਅਤੇ ਕੇਰਲਾ ਦੀ ਸਿੱਖਿਆ ਸੂਬੇ ਲਈ ਚਮਤਕਾਰੀ ਕੰਮ ਕਰੇਗੀ। ਉੱਤਰ ਪ੍ਰਦੇਸ਼ ਸ਼ਾਨਦਾਰ ਹੈ, ਉਥੋਂ ਦੀ ਸਰਕਾਰ ‘ਤੇ ਤਰਸ ਆਉਂਦਾ ਹੈ।” -ਪੀਟੀਆਈ



Source link