ਉਦੈਪੁਰ ਕਤਲ ਕਾਂਡ ਵਿਰੁੱਧ ਹਿੰਦੂ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ


ਜੈਪੁਰ/ਨਵੀਂ ਦਿੱਲੀ/ਰਾਏਪੁਰ, 3 ਜੁਲਾਈ

ਉਦੈਪੁਰ ‘ਚ ਦੋ ਵਿਅਕਤੀਆਂ ਵੱਲੋਂ ਇੱਕ ਦਰਜੀ ਨੂੰ ਕਤਲ ਕੀਤੇ ਜਾਣ ਦੀ ਘਟਨਾ ਦੇ ਰੋਸ ਵਜੋਂ ਅੱਜ ਵੱਡੀ ਗਿਣਤੀ ਲੋਕਾਂ ਨੇ ਰੋਸ ਮੁਜ਼ਾਹਰਾ ਕੀਤਾ। ਆਰਐੱਸਐੱਸ, ਵੀਐੱਚਪੀ ਤੇ ਹੋਰ ਹਿੰਦੂ ਜਥੇਬੰਦੀਆਂ ਦੇ ਮੈਂਬਰ ਰੋਸ ਮੁਜ਼ਾਹਰੇ ‘ਚ ਸ਼ਾਮਲ ਹੋਏ ਤੇ ਉਨ੍ਹਾਂ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ। ਦੂਜੇ ਪਾਸੇ ਐੱਨਆਈਏ ਸਮੇਤ ਸੁਰੱਖਿਆ ਏਜੰਸੀਆਂ ਇਸ ਮਾਮਲੇ ‘ਚ ਗ੍ਰਿਫ਼ਤਾਰ ਚਾਰਾਂ ਮੁਲਜ਼ਮਾਂ ਵੱਲੋਂ ਵਰਤੇ ਗਏ ਫੋਨਾਂ ਦੀ ਪੜਤਾਲ ਕਰਨਗੀਆਂ।

ਪ੍ਰਾਪਤ ਜਾਣਕਾਰੀ ਅਨੁਸਾਰ ਹਿੰਦੂ ਜਥੇਬੰਦੀਆਂ ਵੱਲੋਂ ਅੱਜ ਕੀਤੇ ਗਏ ਰੋਸ ਮੁਜ਼ਾਹਰੇ ਦੌਰਾਨ ਸਪੀਕਰ ਲਗਾ ਕੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਇਜਾਜ਼ਤ ਦਿੱਤੀ ਗਈ ਸੀ। ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਉਹ ਇੱਥੇ ਇਹ ਸੁਨੇਹਾ ਦੇਣ ਲਈ ਇਕੱਠੇ ਹੋਏ ਹਨ ਕਿ ਇਸ ਦੇਸ਼ ਵਿੱਚ ਹਿੰਸਾ ਤੇ ਅਤਿਵਾਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਦੂਜੇ ਪਾਸੇ ਆਈਐੱਨਏ ਸਮੇਤ ਸੁਰੱਖਿਆ ਏਜੰਸੀਆਂ ਇਸ ਕਤਲ ਕੇਸ ‘ਚ ਗ੍ਰਿਫ਼ਤਾਰ ਚਾਰਾਂ ਮੁਲਜ਼ਮਾਂ ਵੱਲੋਂ ਵਰਤੇ ਗਏ ਮੋਬਾਈਲ ਫੋਨਾਂ ਦੇ ਇੰਟਰਨੈੱਟ ਪ੍ਰੋਟੋਕੋਲ ਡਿਟੇਲ ਰਿਕਾਰਡਜ਼ ਦਾ ਵਿਸ਼ਲੇਸ਼ਣ ਕਰਨਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਲ ਇਹ ਪਤਾ ਲਾਉਣ ‘ਚ ਮਦਦ ਮਿਲੇਗੀ ਕਿ ਕੀ ਕਰਾਚੀ ਦੀ ਦਵਾਤ-ਏ-ਇਸਲਾਮੀ ਜਥੇਬੰਦੀ ਵੱਲੋਂ ਕੱਟੜਪੰਥੀ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸੇ ਦੌਰਾਨ ਪ੍ਰਸ਼ਾਸਨ ਨੇ ਅੱਜ ਉਦੈਪੁਰ ‘ਚ ਸਵੇਰੇ ਅੱਠ ਵਜੇ ਤੋਂ 10 ਘੰਟਿਆਂ ਲਈ ਕਰਫਿਊ ‘ਚ ਢਿੱਲ ਦਿੱਤੀ ਹੈ। ਹਾਲਾਂਕਿ ਸ਼ਹਿਰ ‘ਚ ਅਜੇ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਹਨ।

ਦੂਜੇ ਪਾਸੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅੱਜ ਕਿਹਾ ਕਿ ਰਾਜਸਥਾਨ ਦੇ ਉਦੈਪੁਰ ‘ਚ ਵਾਪਰੀ ਘਟਨਾ ਦੇ ਮੁਲਜ਼ਮ ਨਾਲ ਸਬੰਧ ਹੋਣ ਦੇ ਮਾਮਲੇ ‘ਚ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਰੁਖ਼ ਸਪੱਸ਼ਟ ਕਰਨਾ ਚਾਹੀਦਾ ਹੈ। ਬਘੇਲ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਘਟਨਾ ਹਿੰਸਾ ਭੜਕਾਉਣ ਲਈ ਕੀਤੀ ਗਈ ਹੈ। ਉੱਧਰ ਗੁਜਰਾਤ ਦੇ ਦੋ ਰੋਜ਼ਾ ਦੌਰੇ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਿਸੇ ‘ਤੇ ਉਂਗਲ ਚੁੱਕਣ ਦੀ ਥਾਂ ਸਰਕਾਰ ਤੇ ਲੋਕਾਂ ਨੂੰ ਮਿਲ ਕੇ ਉਹ ਹਾਲਾਤ ਠੀਕ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਜਿਸ ਕਾਰਨ ਉਦੈਪੁਰ ਤੇ ਅਮਰਾਵਤੀ ‘ਚ ਹੱਤਿਆਵਾਂ ਹੋਈਆਂ ਹਨ। -ਪੀਟੀਆਈ

ਅਮਰਾਵਤੀ ਹੱਤਿਆ ਕਾਂਡ ਦੇ ਮੁਲਜ਼ਮ ਪੁਲੀਸ ਹਿਰਾਸਤ ‘ਚ ਭੇਜੇ

ਅਮਰਾਵਤੀ: ਮਹਾਰਾਸ਼ਟਰ ਦੇ ਅਮਰਾਵਤੀ ਦੀ ਇਕ ਅਦਾਲਤ ਨੇ ਅੱਜ ਕੈਮਿਸਟ ਉਮੇਸ਼ ਕੋਲਹੇ ਦੀ ਹੱਤਿਆ ਮਾਮਲੇ ‘ਚ ਕਥਿਤ ਸਾਜ਼ਿਸ਼ਘਾੜੇ ਇਰਫ਼ਾਨ ਖਾਨ ਨੂੰ ਸੱਤ ਜੁਲਾਈ ਤੱਕ ਪੁਲੀਸ ਹਿਰਾਸਤ ‘ਚ ਭੇਜ ਦਿੱਤਾ ਹੈ। ਦੂਜੇ ਪਾਸੇ ਪੁਲੀਸ ਹੁਣ ਉਸ ਐੱਨਜੀਓ ਦੇ ਬੈਂਕ ਖਾਤਿਆਂ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਮੁਲਜ਼ਮ ਡਾਇਰੈਕਟਰ ਸੀ। ਮੁਲਜ਼ਮ ਨੂੰ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ‘ਚ ਹੁਣ ਤੱਕ ਸੱਤ ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। -ਪੀਟੀਆਈSource link